ਪੰਜਾਬ

punjab

ETV Bharat / city

ਔਖੇ ਸਮਿਆਂ ‘ਚ ਜਨਹਿਤ ਸਰਕਾਰ ਚਲਾਉਣਾ ਕੈਪਟਨ ਦੇ ਵੱਸ ਦੀ ਗੱਲ ਨਹੀਂ ਰਹੀ: ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਇੱਕ ਵਾਰ ਫਿਰ ਜੱਗ ਜ਼ਾਹਿਰ ਹੋਇਆ ਹੈ ਕਿ ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਫਾਰਮ ਹਾਊਸ’ ‘ਚ ਬੈਠ ਕੇ ‘ਬਾਬੂ ਸ਼ਾਹੀ ਕੈਬਿਨੇਟ’ ਰਾਹੀਂ ਸ਼ਾਹੀ ਅੰਦਾਜ਼ ‘ਚ ਚਲਾ ਰਹੀ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ

By

Published : May 10, 2020, 5:42 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਲੰਘੇ ਸ਼ਨੀਵਾਰ ਨੂੰ ਹੋਈ ਅਹਿਮ ਬੈਠਕ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਮੂਹ ਅਧਿਕਾਰੀਆਂ ਦਰਮਿਆਨ ਹੋਈ ਤਕਰਾਰ ‘ਤੇ ਤਿੱਖੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ।

ਕਾਂਗਰਸੀ ਮੰਤਰੀਆਂ ਨੂੰ ਵੰਗਾਰਿਆ
ਹਰਪਾਲ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਅੰਦਰ ਪੰਜਾਬ ਪ੍ਰਤੀ ਥੋੜ੍ਹੀ ਬਹੁਤ ਵੀ ਜ਼ਮੀਰ ਜਿੰਦਾ ਹੈ ਤਾਂ ਉਹ ਜਾਂ ਤਾਂ ਸ਼ਾਸਕ ਅਤੇ ਪ੍ਰਸ਼ਾਸਨਿਕ ਤੌਰ ‘ਤੇ ਬੁਰੀ ਤਰਾਂ ਨਕਾਰਾ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣ ਜਾਂ ਫਿਰ ਖ਼ੁਦ ਅਜਿਹੀਆਂ ਕਾਗ਼ਜ਼ੀ ਵਜ਼ੀਰੀਆਂ, ਵਿਧਾਇਕੀਆਂ ਨੂੰ ਠੋਕਰ ਮਾਰ ਕੇ ਪੰਜਾਬ ਨਾਲ ਖੜਨ ਦੀ ਜੁਰਅਤ ਦਿਖਾਉਣ।

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇੱਕ ਵਾਰ ਫਿਰ ਜੱਗ ਜ਼ਾਹਿਰ ਹੋਇਆ ਹੈ ਕਿ ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਫਾਰਮ ਹਾਊਸ’ ‘ਚ ਬੈਠ ਕੇ ‘ਬਾਬੂ ਸ਼ਾਹੀ ਕੈਬਿਨੇਟ’ ਰਾਹੀਂ ਸ਼ਾਹੀ ਅੰਦਾਜ਼ ‘ਚ ਚਲਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਵਜ਼ੀਰ ਜਾਂ ਵਿਧਾਇਕ ਫ਼ੈਸਲਾਕੁਨ ਆਵਾਜ਼ ਬੁਲੰਦ ਕਰਨ ਦੀ ਥਾਂ ਆਪਣੀਆਂ ਕੁਰਸੀਆਂ ਨੂੰ ਹੀ ਚਿੰਬੜੇ ਰਹਿਣਗੇ ਤਾਂ ਲੋਕਾਂ ਦੀ ਕਚਹਿਰੀ ‘ਚ ਅਜਿਹੇ ਖ਼ੁਦਗ਼ਰਜ਼ ਲੀਡਰਾਂ ਕੋਲੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।

ਕੈਬਿਨੇਟ ਪਈ ਕੈਪਟਨ 'ਤੇ ਭਾਰੀ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਔਖੇ ਅਤੇ ਚੁਨੌਤੀ ਭਰੇ ਸਮਿਆਂ ‘ਚ ਜਨਹਿਤ ਸਰਕਾਰ ਚਲਾਉਣਾ ਕੈਪਟਨ ਅਮਰਿੰਦਰ ਸਿੰਘ ਦੇ ਵੱਸ ਦੀ ਗੱਲ ਨਹੀਂ ਰਹੀ। ਚੀਮਾ ਨੇ ਕਿਹਾ, "ਬਾਬੂਆਂ ਅਤੇ ਜੀ-ਹਜ਼ੂਰਾਂ ਦੀ ਭ੍ਰਿਸ਼ਟ ਅਤੇ ਮਾਫ਼ੀਆ ਪ੍ਰਵਿਰਤੀ ਵਾਲੀ ਕੈਪਟਨ ਦੀ ‘ਕਿਚਨ ਕੈਬਿਨੇਟ’ ਹੁਣ ਨਾ ਕੇਵਲ ਪੰਜਾਬ ਅਤੇ ਪੰਜਾਬੀਆਂ ਲਈ ਸਗੋਂ ਖ਼ੁਦ ਕੈਪਟਨ ‘ਤੇ ਭਾਰੀ ਪੈ ਚੁੱਕੀ ਹੈ।

ਸਿਖਰਾਂ 'ਤੇ ਸ਼ਰਾਬ ਮਾਫ਼ੀਆ
ਚੀਮਾ ਨੇ ਕਿਹਾ ਕਿ ਸੋਧੀ ਹੋਈ ਨਵੀਂ ਸ਼ਰਾਬ ਨੀਤੀ ਇਸ ਦੀ ਤਾਜ਼ਾ ਮਿਸਾਲ ਹੈ, ਲੌਕਡਾਊਨ ਦੇ ਮੌਜੂਦਾ ਹਲਾਤ ‘ਚ ਪੰਜਾਬ ਦਾ ਸ਼ਰਾਬ ਮਾਫ਼ੀਆ ਨਵੀਆਂ ਸਿਖ਼ਰਾਂ ਛੂਹ ਰਿਹਾ ਹੈ। ਇਹੋ ਵਜਾ ਹੈ ਕਿ ਪੰਜਾਬ ‘ਚ ਹਰ ਸਾਲ ਸ਼ਰਾਬ ਦੀ ਖਪਤ ਵਧ ਰਹੀ ਹੈ, ਪਰੰਤੂ ਸਰਕਾਰੀ ਖ਼ਜ਼ਾਨੇ ਨੂੰ ਆਮਦਨੀ ਘੱਟ ਰਹੀ ਹੈ।

ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਪੰਜਾਬ ਦੇ ਮੰਤਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਅਫ਼ਸਰਸ਼ਾਹੀ ਨਾਲ ਖੜਕਾ-ਦੜਕਾ ਹੋਣ ਪਿੱਛੋਂ ਜੋ ਮੰਤਰੀ ਅਫ਼ਸਰਸ਼ਾਹੀ ‘ਤੇ ਪੰਜਾਬ ਨੂੰ ਲੁੱਟਣ ਦੇ ਬੇਬਾਕ ਦੋਸ਼ ਲਗਾ ਰਹੇ ਹਨ, ਉਹ ਇਹ ਵੀ ਦੱਸਣ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਵਾਲੇ ਚੋਰਾਂ ਦਾ ‘ਅਲੀਬਾਬਾ’ ਕੌਣ ਹੈ, ਕਿਉਂਕਿ ਸਿਆਸੀ ਸਰਪ੍ਰਸਤੀ ਬਗੈਰ ਕੋਈ ਵੀ ਅਜਿਹੀ ਹਮਾਕਤ ਨਹੀਂ ਕਰ ਸਕਦਾ।

ABOUT THE AUTHOR

...view details