ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ((Harpal Cheema)) ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਹੁਕਮਾਂ ਨੂੰ ਤੁਗ਼ਲਕੀ ਫ਼ੁਰਮਾਨ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਸਾਰੀਆਂ ਸਰਕਾਰੀ ਮੰਡੀਆਂ ’ਚ ਝੋਨੇ ਦੀ ਖ਼ਰੀਦ ਜਾਰੀ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਮੌਸਮ ਦੇ ਖ਼ਰਾਬੇ ਕਾਰਨ ਇਸ ਵਾਰ ਝੋਨੇ ਦੀ ਪਕਾਈ ਅਤੇ ਕਟਾਈ ’ਚ ਦੇਰੀ ਹੋਈ ਹੈ ਜਿਸ ਕਾਰਨ ਅਜੇ ਵੀ ਕਰੀਬ 20 ਫ਼ੀਸਦੀ ਫ਼ਸਲ ਮੰਡੀਆਂ ਵਿੱਚ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਝੋਨੇ ਦੀ ਫ਼ਸਲ ਦੀ ਕਟਾਈ ਵਿੱਚ ਹੋਈ ਦੇਰੀ ਦੇ ਬਾਵਜੂਦ ਮੋਦੀ ਸਰਕਾਰ ਅਤੇ ਚੰਨੀ ਸਰਕਾਰ ਜਾਣਬੁੱਝ ਕੇ ਸਰਕਾਰੀ ਮੰਡੀਆਂ ਵਿੱਚ ਖ਼ਰੀਦ ਬੰਦ ਕਰ ਰਹੀਆਂ ਹਨ ਤਾਂ ਜੋ ਬਾਹਰੀ ਰਾਜਾਂ ਤੋਂ ਚੋਰੀ ਛਿਪੇ ਲਿਆਂਦਾ ਝੋਨਾ ਫ਼ਰਜੀਵਾੜੇ ਨਾਲ ਪੰਜਾਬ ਦੇ ਖ਼ਾਤੇ ’ਚ ਖਪਾਇਆ ਜਾ ਸਕੇ। ਚੀਮਾ ਨੇ ਕਿਹਾ ਕਿ ਇਸ ਦਾ ਮਾਰੂ ਨਤੀਜਾ ਇਹ ਨਿਕਲੇਗਾ ਕਿ ਕਿਸਾਨ ਪ੍ਰੇਸ਼ਾਨ ਹੋ ਕੇ ਆਪਣੀ ਫ਼ਸਲ ਕਾਰਪੋਰੇਟਰਾਂ ਅਤੇ ਨਿੱਜੀ ਖ਼ਰੀਦਦਾਰਾਂ ਕੋਲ ਐਮ.ਐਸ.ਪੀ. ਤੋਂ ਥੱਲੇ ਵੇਚਣ ਲਈ ਮਜ਼ਬੂਰ ਹੋਵੇਗਾ।
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਪੰਜਾਬ ਵਿੱਚ ਬੇਮੌਸਮੇ ਮੀਂਹ ਪੈਣ ਕਾਰਨ ਝੋਨੇ ਦੀ ਕਟਾਈ ਵਿੱਚ ਦੇਰੀ ਹੋਈ ਹੈ। ਸੂਬੇ ਭਰ ਵਿੱਚ ਕਰੀਬ 20 ਫ਼ੀਸਦੀ ਝੋਨੇ ਦੀ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ। ਪਰ ਪੰਜਾਬ ਸਰਕਾਰ ਨੇ ਸਰਕਾਰੀ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਹੁਕਮ ਜਾਰੀ ਕਰਕੇ ਆਪਣੇ ਆਪ ਨੂੰ ਕਿਸਾਨ ਵਿਰੋਧੀ ਹੋਣ ਦਾ ਸਰਟੀਫ਼ਿਕੇਟ ਪੇਸ਼ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਲਈ ਕੁਦਰਤੀ ਆਫ਼ਤ ਸਮੇਤ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜਿੰਨਾਂ ਅਧੂਰੇ ਪ੍ਰਬੰਧਾਂ ਨਾਲ ਅਤੇ ਦੇਰੀ ਨਾਲ ਖ਼ਰੀਦ ਸ਼ੁਰੂ ਕੀਤੀ। ਪਰ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਪੰਜਾਬ ਦੇ ਕਿਸਾਨਾਂ ਨੂੰ ਸਜ਼ਾਵਾਂ ਦੇਣ ਲੱਗੀਆਂ ਹੋਈਆਂ ਹਨ।