ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟ ਵਧਾਏ ਜਾਣ ਨੂੰ ਲੈ ਕੇ ਸੀਐਮ ਹਾਉਸ ਦਾ ਘਿਰਾਓ ਕੀਤਾ ਜਾਣਾ ਸੀ, ਪਰ ਪੁਲਿਸ ਸੁਰੱਖਿਆ ਦੇ ਚਲਦੇ 'ਆਪ' ਵਰਕਰਾਂ ਨੂੰ ਸੀਐਮ ਹਾਊਸ ਤੱਕ ਪਹੁੰਚਣ ਨਹੀਂ ਦਿੱਤਾ ਗਿਆ।
ਇਸ ਦੌਰਾਨ ਹਰਪਾਲ ਚੀਮਾ ਕਿਸੇ ਤਰ੍ਹਾਂ ਸੀਐਮ ਹਾਊਸ ਨੇੜੇ ਪੁੱਜ ਗਏ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਿੱਤਾ ਗਿਆ।
ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਦਿੱਤੀ ਗ੍ਰਿਫ਼ਤਾਰੀ ਇਸ ਤੋਂ ਬਾਅਦ ਵਰਕਰਾਂ ਅਤੇ ਦੇ ਨਾਲ 'ਆਪ' ਦੇ ਆਗੂ ਹਰਪਾਲ ਚੀਮਾ ਸਣੇ ਵਿਧਾਇਕਾਂ ਤੇ ਕਈ ਹੋਰਨਾਂ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ।
ਹੋਰ ਪੜ੍ਹੋ : ਸ਼ਿਵ ਸੈਨਾ ਪੰਜਾਬ ਨੇ ਰਾਜੋਆਣਾ ਨੂੰ ਫਾਂਸੀ ਦੇਣ ਦੀ ਕੀਤੀ ਮੰਗ
ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਬਿਜਲੀ ਦੀਆਂ ਵਧੀਆਂ ਦਰਾਂ ਦੇ ਵਿਰੁੱਧ ਪੰਜਾਬ ਦੇ ਲੋਕਾਂ ਵੱਲੋਂ ਆਵਾਜ਼ ਚੁੱਕ ਰਹੇ ਹਾਂ। ਇਸ ਤੋਂ ਪੂਰਾ ਪੰਜਾਬ ਹੀ ਦੁਖੀ ਹੈ। ਸੀਐਮ ਨੂੰ ਅਸੀਂ ਕੋਈ ਫਾਇਦੇ ਵਾਸਤੇ ਨਹੀਂ ਬੁਲਾ ਰਹੇ ਸਗੋਂ ਜਨਤਾ ਦਾ ਦੁੱਖ ਉਨ੍ਹਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਆ ਕੇ ਸਾਡੇ ਕੋਲੋਂ ਮੰਗ ਪੱਤਰ ਨਹੀਂ ਲੈ ਲੈਂਦੇ ਉਦੋਂ ਤੱਕ ਅਸੀਂ ਇਹ ਧਰਨਾ ਜਾਰੀ ਰੱਖਾਂਗੇ।
ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਧਰਨਾ ਬੇਹਦ ਸ਼ਾਂਤੀਪੂਰਣ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਪਰ ਸੂਬਾ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਦੇ ਚਲਦੇ ਸਾਨੂੰ ਗ੍ਰਿਫ਼ਤਾਰੀਆਂ ਦੇਣੀਆਂ ਪਈਆਂ। ਉਨ੍ਹਾਂ ਕਿਹਾ ਅਸੀਂ ਹੁਣ ਵੀ ਇੱਥੋਂ ਨਹੀਂ ਹਟਾਂਗੇ ਅਤੇ ਆਪਣੀ ਮੰਗਾਂ ਮਨਵਾ ਕੇ ਰਹਾਂਗੇ।