ਚੰਡੀਗੜ੍ਹ: ਸੂਬੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 110 ਤੋਂ ਵੱਧ ਮੌਤਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸ਼ਰਾਬ ਕਾਂਡ ਨੂੰ ਲੈ ਕੇ ਵਿਰੋਧੀ ਸੂਬਾ ਸਰਕਾਰ 'ਤੇ ਜਮ ਕੇ ਨਿਸ਼ਾਨੇ ਵਿੰਨ੍ਹ ਰਹੇ ਹਨ। ਜਿੱਥੇ ਵੀਰਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ, ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਪਹਿਲਾਂ ਮੁੱਖ ਮੰਤਰੀ 'ਤੇ ਹੋਵੇ ਕਤਲ ਦਾ ਮਾਮਲਾ ਦਰਜ: ਚੀਮਾ
ਹਰਪਾਲ ਚੀਮਾ ਨੇ ਮੁੱਖ ਮੰਤਰੀ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ 2017 ਤੋਂ ਪਹਿਲਾਂ ਸ਼ਰਾਬ ਮਾਫੀਆ ਨੂੰ ਸੁਖਬੀਰ ਬਾਦਲ ਦੀ ਸ਼ਹਿ ਸੀ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੋਈ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ 2017 ਤੋਂ ਪਹਿਲਾਂ ਸ਼ਰਾਬ ਮਾਫੀਆ ਨੂੰ ਸੁਖਬੀਰ ਬਾਦਲ ਨੇ ਸ਼ਹਿ ਦਿੱਤੀ ਹੋਈ ਸੀ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ 'ਤੇ ਕਾਰਵਾਈ ਕਰਨ 'ਚ ਅਸਫ਼ਲ ਰਹੇ ਦੋਵੇਂ ਵਿਭਾਗ ਖ਼ੁਦ ਮੁੱਖ ਮੰਤਰੀ ਦੇ ਅਧੀਨ ਆਉਂਦੇ ਹਨ, ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ 'ਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਕਿ ਜੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਸਾਥ ਛੱਡਦੀ ਹੈ ਤਾਂ ਉਹ ਮੁੜ ਭਾਜਪਾ 'ਚ ਆਉਣ ਬਾਰੇ ਸੋਚ ਸਕਦੇ ਹਨ, ਸਬੰਧੀ ਚੀਮਾ ਨੇ ਕਿਹਾ ਕਿ ਇਹ ਸਿੱਧੂ ਪਰਿਵਾਰ ਦਾ ਆਪਣਾ ਫ਼ੈਸਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਉਹ ਲੋਕਾਂ ਦੇ ਹਿੱਤ ਲਈ ਆਪ 'ਚ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਅਕਾਲੀ ਦਲ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਟੁਕੜੇ ਹੋ ਚੁੱਕੇ ਹਨ, ਜਿਸ ਲਈ ਪੰਜਾਬ ਦਾ ਕੋਈ ਵੀ ਵਿਅਕਤੀ ਅਕਾਲੀ ਦਲ ਵਿੱਚ ਜਾਣ ਬਾਰੇ ਨਹੀਂ ਸੋਚ ਰਿਹਾ।