ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਜਮਾਨਤ ਲਈ ਹੁਣ ਹਾਈਕੋਰਟ (High Court) ਦੇ ਦਰ ਪੁੱਜਣਾ ਪੈ ਗਿਆ ਹੈ। ਉਸ ਵਿਰੁੱਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ (Religious sentiments hurt) ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਮਾਮਲੇ ਵਿੱਚ ਜਮਾਨਤ ਲੈਣ ਲਈ ਉਸ ਨੇ ਹਾਈਕੋਰਟ ਵਿੱਚ ਅਰਜੀ ਦਾਖ਼ਲ ਕੀਤੀ ਹੈ। ਇਸ ਮਾਮਲੇ ਵਿੱਚ ਫਸੇ ਹੋਣ ਕਾਰਨ ਹੁਣ ਆਪਣੀ ਅਗਾਊਂ ਜ਼ਮਾਨਤ (Anticepatory bail) ਦੀ ਮੰਗ ਨੂੰ ਲੈ ਕੇ ਹਾਈਕੋਰਟ ਪਹੁੰਚ ਗਏ ਹਨ ਅਤੇ ਜ਼ਮਾਨਤ ਅਰਜੀ ਦਾਖਲ ਕੀਤੀ ਹੈ। ਜਿਸ ਤੇ ਹਾਈ ਕੋਰਟ ਅਗਲੇ ਕੁਝ ਦਿਨਾਂ ਵਿੱਚ ਸੁਣਵਾਈ ਕਰ ਸਕਦੀ ਹੈ।
ਨਕੋਦਰ ‘ਚ ਦਰਜ ਹੈ ਮਾਮਲਾ
ਗੁਰਦਾਸ ਮਾਨ ਦੇ ਖਿਲਾਫ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ 26 ਅਗਸਤ ਨੂੰ ਨਕੋਦਰ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਗੁਰਦਾਸ ਮਾਨ ਨੇ ਪਹਿਲਾ ਜਲੰਧਰ ਦੀ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਮੰਗੀ ਸੀ ਜਿਸ ਨੂੰ ਅਦਾਲਤ ਨੇ 8 ਸਤੰਬਰ ਨੂੰ ਖਾਰਜ ਕਰ ਦਿੱਤਾ ਹੁਣ ਗੁਰਦਾਸ ਮਾਨ ਨੇ ਅਗਾਊਂ ਜ਼ਮਾਨਤ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਤੇ ਹਾਈ ਕੋਰਟ ਛੇਤੀ ਸੁਣਵਾਈ ਕਰ ਸਕਦਾ ਹੈ।
ਮੁਰਾਦ ਸ਼ਾਹ ਨੂੰ ਤੀਜੇ ਗੁਰੂ ਬਰਾਬਰ ਦੱਸਿਆ ਸੀ
ਦਰਅਸਲ ਗੁਰਦਾਸ ਮਾਨ ਨੇ ਬਾਬਾ ਮੁਰਾਦ ਸ਼ਾਹ (Murad Shah) ਡੇਰੇ ਵਿਖੇ ਮੇਲੇ ਦੌਰਾਨ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਜੀ ਦੇ ਇੱਕੋ ਵੰਸ਼ ਦੇ ਹੋਣ ਦੀ ਗੱਲ ਕਹੀ ਸੀ ਜਿਸ ਕਰਕੇ ਵਿਵਾਦ ਹੋਇਆ ,ਇਸ ਬਿਆਨ ਤੋਂ ਸਿੱਖ ਜਥੇਬੰਦੀਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਉਨ੍ਹਾਂ ਨੇ ਗੁਰਦਾਸ ਮਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਕਈ ਦਿਨਾਂ ਤੱਕ ਹਾਈਵੇਅ ਜਾਮ ਕਰਕੇ ਪ੍ਰਦਰਸ਼ਨ ਕੀਤਾ ।ਜਿਸ ਤੋਂ ਬਾਅਦ ਗੁਰਦਾਸ ਮਾਨ ਦੇ ਖਿਲਾਫ ਜਲੰਧਰ ਪੁਲਸ ਨੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ । ਦੂਜੇ ਪਾਸੇ ਡੇਰੇ ਦੇ ਕੁਝ ਮੈਂਬਰਾਂ ਨੇ ਵੀ ਗੁਰਦਾਸ ਮਾਨ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਗੁਰਦਾਸ ਮਾਨ ਨੇ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ ਜਿੱਥੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ।