ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜ਼ਰੀ ਜੀ ਦੇ ਕੁੱਖੋਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਇ ਸੀ। ਗੁਰੂ ਸਾਹਿਬ ਨੇ ਆਪਣਾ 4 ਸਾਲ ਤੱਕ ਦਾ ਬਚਪਨ ਪਟਨਾ ਸਾਹਿਬ ‘ਚ ਗੁਜ਼ਾਰਿਆ ਜਿੱਥੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਸਥਿਤ ਹੈ।
ਇਸ ਪਵਿੱਤਰ ਦਿਹਾੜੇ ਮੌਕੇ ਰਾਜਨੀਤਕ ਪਾਰਟੀਆਂ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਟਵੀਟ ਕਰਦਿਆ ਲਿਖਿਆ, "ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਿੱਖ ਕੌਮ ਦੀ ਰਾਖੀ ਲਈ ਆਪਣਾ ਸਾਰਾ ਸਰਬੰਸ ਵਾਰਨ ਵਾਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਡਾ ਕੋਟਿ ਕੋਟਿ ਪ੍ਰਣਾਮ।"
ਉੱਥੇ ਹੀ ਸ਼੍ਰੋਮਨੀ ਅਕਾਲੀ ਦਲ ਦੇ ਅਧਿਕਾਰਤ ਟਵਿੱਟਰ ਰਾਹੀਂ ਵੀ ਟਵੀਟ ਕਰਦਿਆਂ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਇਆਂ। ਟਵੀਟ ਵਿੱਚ ਲਿਖਿਆ, "ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। 9 ਸਾਲ ਦੀ ਉਮਰ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਸਬਰ, ਭਰੋਸੇ ਅਤੇ ਚੜ੍ਹਦੀ ਕਲਾ ਨਾਲ ਨਿਭਾਉਂਦਿਆਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਸਰਬੱਤ ਦਾ ਭਲਾ' ਕਰਨ ਦੀ ਜੀਵਨ ਜੁਗਤ ਸਿਖਾਈ।"
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਨੇ ਵੀ ਇਸ ਦਿਹਾੜੇ ਟਵੀਟ ਕੀਤਾ ਤੇ ਲਿਖਿਆ, "ਖਾਲਸਾ ਪੰਥ ਦੇ ਸਿਰਜਣਹਾਰੇ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ। ਗੁਰੂ ਚਰਨਾਂ 'ਚ ਸੀਸ ਨਿਵਾ ਕੇ ਪ੍ਰਣਾਮ ਕਰਦੇ ਹੋਏ, ਕਿਸਾਨੀ ਸੰਘਰਸ਼ 'ਚ ਹੱਕ-ਸੱਚ ਦੀ ਜੰਗ ਲੜਦੇ ਕਿਸਾਨਾਂ ਦੀ ਫ਼ਤਿਹ ਦੀ ਅਰਦਾਸ ਕਰਦਾ ਹਾਂ।"
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਪਵਿੱਤਰ ਦਿਹਾੜੇ ਦੀਆਂ ਆਪਣੇ ਟਵਿੱਟਰ ਹੈਂਡਲ ਤੋਂ ਵਧਾਈਆਂ ਦਿੱਤੀਆਂ।