ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਲਗਾਏ ਜਾਣ। ਇਸ ਦੇ ਨਾਲ ਹੀ ਉਨ੍ਹਾਂ ਮਹਾਂਮਾਰੀ ਨੁੰ ਬਿਪਤਾ ਐਲਾਨਣ ਅਤੇ ਪ੍ਰਭਾਵਿਤ ਲੋਕਾਂ ਦਾ ਪ੍ਰਾਈਵੇਟ ਹਸਪਤਾਲਾਂ 'ਚ ਮੁਫ਼ਤ ਇਲਾਜ ਕਰਵਾਉਣ ਦੀ ਵੀ ਅਪੀਲ ਕੀਤੀ। ਅਕਾਲੀ ਦਲ ਪ੍ਰਧਾਨ ਆਕਸੀਜ਼ਨ ਸੇਵਾ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਲਈ ਆਏ ਸਨ। ਜਿਸ ਤਹਿਤ ਪਹਿਲੇ ਪੜਾਅ 'ਚ ਸ਼ਹਿਰ ਦੇ ਵਸਨੀਕਾਂ ਲਈ ਲੋੜ ਪੈਣ ’ਤੇ 15 ਆਕਸੀਜ਼ਨ ਕੰਸੈਂਟ੍ਰੇਟਰ ਉਪਲਬਧ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਕੋਰੋਨਾ ਪ੍ਰਭਾਵਿਤ ਪਰਿਵਾਰਾਂ ਲਈ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਚਲਾਏ ਜਾ ਰਹੇ ਲੰਗਰ ਦੇ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਤੇ ਇਸ 'ਚ ਸ਼ਮੂਲੀਅਤ ਵੀ ਕੀਤੀ।
ਬਾਦਲ ਨੇ ਦੱਸਿਆ ਕਿ ਦੋਵੇਂ ਪਹਿਲਕਦਮੀਆਂ ਜ਼ਿਲ੍ਹੇ 'ਚ ਕੋਰੋਨਾ ਕੇਸਾਂ 'ਚ ਵਾਧੇ ਨੁੰ ਵੇਖਦਿਆਂ ਕੀਤੀਆਂ ਗਈਆਂ ਹਨ, ਕਿਉਂਕਿ ਜ਼ਿਲ੍ਹੇ 'ਚ ਮੌਤ ਦਰ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇੱਕ ਦਿਨ ਵਿਚ 34 ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ 100 ਕੰਸੈਂਟ੍ਰੇਟਰ ਬਠਿੰਡਾ ਹਲਕੇ ਲਈ ਦਿੱਤੇ ਗਏ ਹਨ, ਜਿਨ੍ਹਾਂ 'ਚ ਏਮਜ਼ ਲਈ ਦਿੱਤੇ 50 ਕੰਸੈਂਟ੍ਰੇਟਰ ਵੀ ਸ਼ਾਮਲ ਹਨ ਜਦਕਿ 100 ਹੋਰ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੀਂਦ ਵਿਚੋਂ ਜਾਗੇ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸ਼ਿੱਦਤ ਨਾਲ ਕੰਮ ਕਰੇ।
ਪੰਜਾਬ 'ਚ ਵੈਕਸੀਨ ਦੀ ਘਾਟ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ ’ਤੇ ਵੈਕਸੀਨਾਂ ਦੀ ਖਰੀਦ ਲਈ ਗਲੋਬਲ ਟੈਂਡਰ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵੈਕਸ ਪ੍ਰੋਗਰਾਮ ਤਹਿਤ ਵੈਕਸੀਨਾਂ ਦੀ ਖਰੀਦ ਲਈ ਅਪਲਾਈ ਕਰਨ ’ਤੇ ਸਮਾਂ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ਼ ਮੁਲਕਾਂ ਨੁੰ ਵੈਕਸੀਨ ਸਪਲਾਈ ਹੁੰਦੀ ਤੇ ਸੂਬਿਆਂ ਵਾਸਤੇ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੁਤਨਿਕ ਵੈਕਸੀਨ ਦੀ ਖਰੀਦ ਲਈ ਸਪਲਾਇਰਾਂ ਨਾਲ ਸੰਪਰਕ ਕੀਤਾ ਸੀ ਤੇ ਭਰੋਸਾ ਦਿੱਤਾ ਗਿਆ ਸੀ ਕਿ 50 ਹਜ਼ਾਰ ਡੋਜ਼ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਵੀ ਸਿੱਧੇ ਤੌਰ ’ਤੇ ਵੈਕਸੀਨ ਬਣਾਉਣ ਵਾਲਿਆਂ ਤੇ ਸਪਲਾਇਰਾਂ ਨਾਲ ਰਾਬਤਾ ਕਰ ਕੇ ਪ੍ਰਬੰਧ ਕਰ ਸਕਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੰਲ ਹੈ ਕਿ ਆਕਸੀਜ਼ਨ ਦੀ ਸਪਲਾਈ 'ਚ ਅੜਿਕੇ ਜਾਰੀ ਹਨ ਅਤੇ ਦਵਾਈਆਂ ਤੇ ਵੈਂਟੀਲੇਟਰ ਵੀ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ, ਕਿਉਂਕਿ ਪੇਂਡੂ ਇਲਾਕਿਆਂ 'ਚ ਮਹਾਂਮਾਰੀ ਵੱਧ ਸਕਦੀ ਹੈ। ਉਹਨਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਆਕਸੀਜ਼ਨ ਕੰਸੈਂਟ੍ਰੇਟਰ ਬਰਾਮਦ ਕੀਤੇ ਜਾਣ ਤੇ ਉਹਨਾਂ ਨੂੰ ਸੂਬੇ ਦੇ ਸਾਰੇ ਬਲਾਕ ਹੈਡਕੁਆਰਟਰਾਂ ’ਤੇ ਲਾਇਆ ਜਾਵੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬੇ ਭਰ 'ਚ ਵੈਂਟੀਲੇਟਰ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਆਪਣੇ ਹਲਕੇ ਲਈ ਉਨ੍ਹਾਂ ਵੱਲੋਂ ਅਲਾਟ ਕੀਤੇ ਵੈਂਟੀਲੇਟਰ ਹੋਰ ਪਾਸੇ ਵਰਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਨੁੰ ਬੇਨਤੀ ਕੀਤੀ ਕਿ ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰ ਰਹੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਠਿੰਡਾ 'ਚ ਇਹ ਖੁਲ੍ਹਾਸਾ ਹੋਇਆ ਹੈ ਕਿ ਇੱਕ ਪ੍ਰਾਈਵੇਟ ਹਸਪਤਾਲ ਤਿੰਨ ਲਾਸ਼ਾਂ ਇਸ ਕਰ ਕੇ ਨਹੀਂ ਦੇ ਰਿਹਾ ਕਿਉਂਕਿ ਉਨ੍ਹਾਂ ਦੀ 4 ਲੱਖ ਰੁਪਏ ਦੀ ਪੇਮੈਂਟ ਬਕਾਇਆ ਹੈ ਜਦਕਿ ਤਿੰਨ ਲੋਕਾਂ ਦੇ ਇਲਾਜ ਲਈ 6 ਲੱਖ ਰੁਪਏ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਮੈਂ ਇਹ ਹੱਥ ਜੋੜ ਕੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਮੇਂ ਲੋਕ ਆਕਸੀਜ਼ਨ ਲਈ ਲੜ ਰਹੇ ਹਨ। ਕਾਂਗਰਸੀਆਂ ਨੂੰ ਹਾਲ ਦੀ ਘੜੀ ਕੁਰਸੀ ਲਈ ਆਪਣੀ ਲੜਾਈ ਟਾਲ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਾਂਗਰਸ ਪਾਰਟੀ ਆਪਣੀ ਸਾਰੀ ਊਰਜਾ ਅੰਦਰੂਨੀ ਵਿਵਾਦ ’ਤੇ ਲਗਾ ਰਹੀ ਹੈ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਵੱਲ ਧਿਆਨ ਨਹੀਂ ਦੇ ਰਹੀ। ਸ੍ਰੀ ਬਾਦਲ ਨੇ ਕਿਹਾ ਕਿ ਪਿੰਡਾਂ 'ਚ ਸਿਹਤ ਸੰਭਾਲ ਢਾਂਚਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ, ਇਸ ਸਮੇਂ ਇਸਦੀ ਬਹੁਤ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਮੁੜ ਬਣਨ ’ਤੇ ਪਿੰਡਾਂ 'ਚ ਸਿਹਤ ਦਾ ਬੁਨਿਆਦੀ ਢਾਂਚਾ ਤੇ ਹਸਪਤਾਲ ਬਣਾਏ ਜਾਣਗੇ ਤੇ ਸੂਬੇ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ:ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ 4 ਜੂਨ ਤਕ ਟਲੀ