ਚੰਡੀਗੜ੍ਹ:ਪੰਜਾਬ ਸਰਕਾਰ ਭਲਕੇ 2000 ਕਰੋੜ ਰੁਪਏ ਤੋਂ ਵੱਧ ਦੇ ਐਮਐਸਪੀ ਭੁਗਤਾਨ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰੇਗੀ। ਇਹ ਪ੍ਰਗਟਾਵਾ ਕਰਦੇ ਹੋਏ ਅੱਜ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨਾਂ ਨੂੰ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਹੁਣ ਵਿਭਾਗ ਨੇ 2137 ਕਰੋੜ ਰੁਪਏ ਦੇ ਭੁਗਤਾਨਾਂ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦਿੱਤੀ ਹੈ ਅਤੇ ਭਲਕੇ ਬੈਂਕਾਂ ਵੱਲੋਂ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਇਤੀ ਜਾਵੇਗੀ ।
ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਲਕੇ ਬਾਕੀ ਛੇ ਜ਼ਿਲ੍ਹਿਆਂ ਨੂੰ ਵੀ ਕਵਰ ਕਰ ਲਿਆ ਜਾਵੇਗਾ।
ਰਾਤ ਭਰ ਪਏ ਮੀਂਹ ਅਤੇ ਮੰਡੀਆਂ ਵਿੱਚ ਖੜ੍ਹੇ ਪਾਣੀ ਕਾਰਨ ਖਰੀਦ ਕਾਰਜਾਂ ਵਿੱਚ ਆਉਣ ਵਾਲੇ ਵਿਘਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਸੀ ਅਤੇ ਸਿੱਟੇ ਵਜੋਂ ਖਰੀਦ ਕਾਰਜ ਵਿਚ ਅੱਜ ਇੱਕ ਮਿੰਟ ਵੀ ਵਿਘਨ ਨਹੀਂ ਪਿਆ।