ਚੰਡੀਗੜ੍ਹ: ਸਰਕਾਰੀ ਸਕੂਲਾਂ (Government school) ਦੇ ਵਿਦਿਆਰਥੀਆਂ ਦੀ ਅੱਜ ਤੋਂ ਸ਼ੁਰੂ ਹੋਈ ਆਫਲਾਈਨ ਸਤੰਬਰ ਪ੍ਰੀਖਿਆ ਦੇ ਕੁੱਝ ਵਿਸਿਆਂ ਦੇ ਹੱਲ ਕੀਤੇ ਪੇਪਰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਹੋਣ ਨਾਲ ਸਕੂਲ ਸਿੱਖਿਆ ਵਿਭਾਗ (Department of School Education) ਪੰਜਾਬ ਵਲੋਂ ਨਕਲ ਰਹਿਤ, ਪਾਰਦਰਸ਼ੀ ਪ੍ਰੀਖਿਆਵਾਂ ਕਰਵਾਉਣ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਇਸ ਸਬੰਧੀ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਮੁਖੀ ਸੁਖਦਰਸਨ ਸਿੰਘ ਦੀ ਵੱਲੋਂ ਪੰਜਾਬ ਸਰਕਾਰ (Government of Punjab) ਦੇ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਪ੍ਰੀਖਿਆ ਦੇ ਪੂਰੀ ਤਰ੍ਹਾਂ ਹੱਲ ਕੀਤੇ ਪ੍ਰਸ਼ਨ ਪੱਤਰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਪੇਪਰ ਅੱਜ 13 ਸਤੰਬਰ ਨੂੰ ਹੋਣਾ ਸੀ, ਉਹ ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਇੱਕ ਯੂ-ਟਿਊਬ ਚੈਨਲ 'ਤੇ ਅਪਲੋਡ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਵੇਰ ਦੇ ਸੈਸ਼ਨ ਵਿੱਚ 8ਵੀਂ ਦਾ ਗਣਿਤ ਅਤੇ 10ਵੀਂ ਸਾਇੰਸ ਵਿਸ਼ੇ ਦਾ ਪੇਪਰ ਜਿਵੇਂ ਹੀ ਵਿਦਿਆਰਥੀਆਂ ਨੂੰ ਦਿੱਤਾ ਗਿਆ, ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਇਹ ਉਹੀ ਪੇਪਰ ਸੀ, ਜੋ ਚੈਨਲ 'ਤੇ ਅਪਲੋਡ ਕੀਤਾ ਗਿਆ ਸੀ।