ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ‘ਤੇ ਵਿਰੋਧੀਆਂ ਵੱਲੋਂ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪ੍ਰੈਸ ਕਾਨਫਰੰਸ ਕਰ ਸਰਕਾਰ ਦੀ 3 ਸਾਲ ਦੀ ਕਾਰਜਗੁਜ਼ਾਰੀ 'ਤੇ ਸਵਾਲ ਚੁੱਕੇ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਝੂਠੀਆਂ ਸੌਹਾਂ ਖਾਧੀਆਂ ਕਿ ਲੋਕਾਂ ਦੇ ਵਾਅਦੇ ਪੂਰੇ ਕੀਤੇ ਜਾਣਗੇ, ਪਰ ਅਜੇ ਤੱਕ ਲੋਕਾਂ ਨਾਲ ਕੀਤਾ ਇੱਕ ਵਾਅਦਾ ਵੀ ਪੂਰਾ ਨਹੀਂ ਹੋਇਆ ਹੈ।
ਸਰਕਾਰ ਦਾ ਰਿਪੋਰਟ ਕਾਰਡ ਝੂਠ ਦਾ ਪੁਲੰਦਾ: ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਕਿਹਾ ਕਿ ਸੋਮਵਾਰ ਨੂੰ ਕੈਪਟਨ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਬੀਤੇ 3 ਸਾਲਾਂ 'ਚ ਸਰਕਾਰ ਨੇ ਲੋਕਾਂ ਲਈ ਕਿਹੜੇ-ਕਿਹੜੇ ਕੰਮ ਕੀਤੇ ਇਸ ਬਾਰੇ ਜਾਣੂੰ ਕਰਵਾਇਆ। ਕੈਪਟਨ ਨੇ ਪੱਤਕਾਰਾਂ ਨੂੰ ਦੱਸਿਆ ਕਿ ਅਸੀਂ 424 ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ 225 ਪੂਰੇ ਹੋ ਚੁੱਕੇ ਹਨ ਅਤੇ 103 ਬਚੇ ਹਨ ਅਤੇ 93 ਕੰਮ ਜਲਦ ਪੂਰੇ ਹੋ ਜਾਣਗੇ।
ਸਰਕਾਰ ਦਾ ਰਿਪੋਰਟ ਕਾਰਡ ਝੂੱਡ ਦਾ ਪੁਲੰਦਾ: ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੋ ਕੰਮ ਪੂਰਾ ਕੀਤਾ ਉਨ੍ਹਾਂ ਵਿੱਚੋਂ ਇੱਕ ਦਾ ਨਾਂਅ ਨਹੀਂ ਲਿਆ। ਇਨ੍ਹੀ ਦਿਨੀਂ ਸਰਕਾਰ ਵੱਲੋਂ 40-50 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ ਹਨ, ਜੋ ਕਿ ਗਲ਼ਤ ਹੈ। ਬਾਦਲ ਨੇ ਕਿਹਾ ਕਿ ਕੈਪਟਨ ਵੱਲੋਂ ਇੱਕ ਟੀਵੀ ਐਡ ਚਲਾਇਆ ਗਿਆ, ਇਸ ਐਡ 'ਚ ਸਰਕਾਰ ਨੇ ਜਿਨ੍ਹਾਂ ਜਿਨ੍ਹਾਂ ਕੰਮਾਂ ਬਾਰੇ ਦੱਸਿਆ ਹੈ ਉਹ ਤਾਂ ਸਾਰੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸਵਾਲ ਹੈ ਕਿ ਕੈਪਟਨ ਸਰਕਾਰ ਦੱਸੇ ਕਿ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਦੇਣ ਦੇ ਵਾਅਦੇ ਤੋਂ ਮੁੱਕਰ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਹੁਣ ਤੱਕ ਫਸਲ ਦਾ ਬਕਾਇਆ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ‘ਚ ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਸੀ ਤੇ ਹੁਣ ਦਸ ਰੁਪਏ ਹੋ ਗਈ ਹੈ।