ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਦੌਰਾਨ ਦਿੱਲੀ ‘ਚ ਫਸੇ ਲਗਭਗ 350 ਪੰਜਾਬੀਆਂ ਨੂੰ ਅੱਜ ਦਿੱਲੀ ਸਰਕਾਰ ਨੇ ਡਾਕਟਰੀ ਜਾਂਚ ਕਰਾਉਣ ਉਪਰੰਤ ਫਿਟਨੈੱਸ ਸਰਟੀਫਿਕੇਟ ਦੇ ਕੇ ਪੰਜਾਬ ਲਈ ਵਿਦਾ ਕਰ ਦਿੱਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਇਹ ਪੰਜਾਬੀ ਦਿੱਲੀ ‘ਚ ਗੁਰਦੁਆਰਾ ਮਜਨੂੰ ਕਾ ਟਿੱਲਾ ਸਮੇਤ ਵੱਖ-ਵੱਖ ਥਾਵਾਂ ‘ਤੇ ਇਕਾਂਤਵਾਸ ਕੀਤੇ ਗਏ ਸਨ।
ਦਿੱਲੀ ਦੇ ਤਿਲਕ ਨਗਰ ਤੋਂ ‘ਆਪ’ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਤਿਮਾਰਪੁਰ ਹਲਕੇ ਤੋਂ ਵਿਧਾਇਕ ਦਿਲੀਪ ਪਾਂਡੇ ਨੇ ਸਥਾਨਕ ਅਧਿਕਾਰੀਆਂ ਦੀ ਮੌਜੂਦਗੀ ‘ਚ ਇਨ੍ਹਾਂ ਪੰਜਾਬੀਆਂ ਨੂੰ ਪੰਜਾਬ ਲਈ ਰਵਾਨਾ ਕੀਤਾ ਅਤੇ ਇਸ ਲਈ ਦਿੱਲੀ ਸਰਕਾਰ ਦੇ ਨਾਲ-ਨਾਲ ਪੰਜਾਬ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਜਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਿਤ ਇਨ੍ਹਾਂ ਨਾਗਰਿਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਇਕਾਂਤਵਾਸ ਕੀਤਾ ਹੋਇਆ ਸੀ। ਇਸ ਦੌਰਾਨ ਇਨ੍ਹਾਂ ਦੇ ਰਹਿਣ-ਸਹਿਣ ਤੋਂ ਲੈ ਕੇ ਲਗਾਤਾਰ ਡਾਕਟਰੀ ਜਾਂਚ ਦੇ ਆਲਾ-ਮਿਆਰੀ ਪ੍ਰਬੰਧ ਕੀਤੇ ਗਏ। ਜਿੰਨਾ ਤੋਂ ਇਹ ਸਾਰੇ ਨਾਗਰਿਕ ਪੂਰੀ ਤਰਾਂ ਸੰਤੁਸ਼ਟ ਹਨ।
ਜਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਇਨ੍ਹਾਂ ਪੰਜਾਬੀਆਂ ਅਤੇ ਦਿੱਲੀ ਸਰਕਾਰ ਦਰਮਿਆਨ ਲਗਾਤਾਰ ਪੈਰਵੀ ਕਰ ਰਹੇ ਸਨ। ਹਰਪਾਲ ਸਿੰਘ ਚੀਮਾ ਵੱਲੋਂ ਲਿਖੇ ਗਏ ਪੱਤਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 28 ਅਪ੍ਰੈਲ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਇਨ੍ਹਾਂ ਦੀ ਘਰ ਵਾਪਸੀ ਲਈ ਲੋੜੀਂਦੇ ਕਦਮ ਉਠਾ ਰਹੀ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਇਹ ਸਾਰੇ ਨਾਗਰਿਕ ਪੂਰੀ ਤਰਾਂ ਤੰਦਰੁਸਤ ਹਨ, ਇਨ੍ਹਾਂ ਸਭ ਨੂੰ ਰਸਤੇ ਲਈ ਸੈਨੀਟਾਈਜ਼ਰ ਸਮੇਤ ਬਾਕੀ ਲੋੜੀਂਦੀਆਂ ਚੀਜ਼ਾਂ ਮੁਹੱਈਆ ਕੀਤੀਆਂ ਗਈਆਂ ਹਨ, ਫਿਰ ਵੀ ਸਾਵਧਾਨੀ ਵਜੋਂ ਪੰਜਾਬ ਸਰਕਾਰ ਇਨ੍ਹਾਂ ਨੂੰ ਪੰਜਾਬ ਲੋੜੀਂਦੀ ਇਕਾਂਤਵਾਸ ਰੱਖ ਕੇ ਇਨ੍ਹਾਂ ਦੇ ਘਰਾਂ ‘ਚ ਭੇਜਣਾ ਯਕੀਨੀ ਬਣਾਵੇ।