ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਾਰ ਗੋਲਡੀ ਬਰਾੜ ਪੰਜਾਬ ਪੁਲਿਸ ਤੋਂ ਡਰਿਆ ਹੋਇਆ ਹੈ। ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਹੈ ਕਿ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਨੇਪਾਲ ਪੁਲਿਸ ਨੇ ਨੇਪਾਲ ਬਾਰਡਰ ਤੋਂ ਫੜਿਆ ਹੈ। ਤਿੰਨੋਂ ਦਿੱਲੀ ਅਤੇ ਪੰਜਾਬ ਪੁਲਿਸ ਦੇ ਹੱਥ ਨਹੀਂ ਆਏ ਹਨ।
ਫੇਸਬੁੱਕ 'ਤੇ ਪਾਈ ਪੋਸਟ:ਗੋਲਡੀ ਬਰਾੜ ਨੇ ਪੋਸਟ 'ਚ ਲਿਖਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਉਨ੍ਹਾਂ ਨਾਲ ਜੋ ਬਣਦੀ ਕਾਰਵਾਈ ਕੀਤੀ ਜਾਵੇ, ਪੁਲਿਸ ਨੂੰ ਕੋਈ ਵੀ ਨਾਜਾਇਜ਼ ਧੱਕਾ ਨਹੀਂ ਕਰਨਾ ਚਾਹੀਦਾ। ਗੋਲਡੀ ਬਰਾੜ ਦੀ ਇਸ ਤਰ੍ਹਾਂ ਦੀ ਪੋਸਟ ਤੋਂ ਲੱਗਦਾ ਹੈ ਕਿ ਉਹ ਪੰਜਾਬ ਪੁਲਿਸ ਤੋਂ ਡਰਿਆ ਹੋਇਆ ਹੈ।
Goldy Brar Scared Of Punjab Police ਐਨਕਾਊਂਟਰ ਦਾ ਡਰ: ਉਸ ਨੂੰ ਡਰ ਸਤਾਉਣ ਲੱਗਾ ਹੈ ਕਿ ਕਿਤੇ ਉਸ ਦੇ ਤਿੰਨ ਸਾਥੀਆਂ ਦਾ ਐਨਕਾਊਂਟਰ ਨਾ ਹੋ ਜਾਵੇ। ਡੀਜੀਪੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪੱਛਮੀ ਬੰਗਾਲ-ਨੇਪਾਲ ਸਰਹੱਦ ਤੋਂ ਫੜੇ ਗਏ ਸਨ।
ਦੀਪਕ ਮੁੰਡੀ ਸਮੇਤ ਦੋ ਹੋਰ ਕਾਬੂ: ਦੀਪਕ ਮੁੰਡੀ ਬੋਲੇਰੋ ਮੋਡੀਊਲ ਦਾ ਸ਼ੂਟਰ ਸੀ। ਇਸ ਦੇ ਨਾਲ ਹੀ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੇ ਹਥਿਆਰ ਲੁਕਾਉਣ ਅਤੇ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਸੀ।
ਚਾਰ ਕਾਬੂ ਤਾਂ ਦੋ ਦਾ ਐਨਕਾਊਂਟਰ: ਮੂਸੇਵਾਲਾ ਦਾ ਕਤਲ 6 ਸ਼ੂਟਰਾਂ ਨੇ ਕੀਤਾ ਸੀ। ਜੋ ਕੋਰੋਲਾ ਅਤੇ ਬੋਲੇਰੋ ਮਾਡਿਊਲ 'ਚ ਆਏ ਸੀ। ਇਨ੍ਹਾਂ 'ਚੋਂ ਬੋਲੇਰੋ ਮਾਡਿਊਲ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਉਰਫ਼ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਮੁੰਡੀ ਨੂੰ ਵੀ ਫੜ ਲਿਆ ਹੈ। ਦੂਜੇ ਪਾਸੇ, ਕੋਰੋਲਾ ਮਾਡਿਊਲ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਭਕਨਾ ਪਿੰਡ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਇਮਾਰਤ ਦਾ ਲੈਂਟਰ ਡਿੱਗਣ ਨਾਲ ਤਿੰਨ ਜ਼ਖ਼ਮੀ