ਚੰਡੀਗੜ੍ਹ: ਗੋਬਿੰਦ ਸਾਗਰ ਝੀਲ ਹਾਦਸੇ (Gobind Sagar Lake Accident) ਵਿੱਚ ਬਨੂੜ ਨੇ 7 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਇਹਨਾਂ ਵਿੱਚੋਂ 4 ਨੌਜਵਾਨ ਇੱਕੋ ਪਰਿਵਾਰ ਦੇ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਪਰਿਵਾਰਿਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ ਫਿਰ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਓਹਨਾਂ ਦਾ ਦੁੱਖ ਘੱਟ ਹੋ ਜਾਂਦਾ ਹੈ। ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ: ਸਥਾਨਕ ਮੌਜੂਦਾ ਕੌਂਸਲਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਲੋਕ ਸ਼ਹਿਰ ਬਨੂੜ ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਭੀੜ ਜ਼ਿਆਦਾ ਹੋਣ ਕਰਕੇ ਨੌਜਵਾਨਾਂ ਨੇ ਸੋਚਿਆ ਕਿ ਪਹਿਲਾ ਬਾਬਾ ਬਾਲਕ ਨਾਥ ਮੰਦਿਰ ਹੋ ਆਈਏ ਤੇ ਵਾਪਸੀ ਉੱਤੇ ਨੈਨਾ ਦੇਵੀ ਜਾਵਾਂਗੇ। ਪਰ, ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਇਹ ਰਸਤੇ ਵਿੱਚ ਗੋਵਿੰਦ ਸਾਗਰ ਝੀਲ ਪਹੁੰਚੇ ਤਾਂ ਉੱਥੇ ਨਹਾਉਣ ਲਈ ਰੁਕ ਗਏ, ਜਿੱਥੇ ਇਹ ਸਾਰਾ ਹਾਦਸਾ ਵਾਪਰ ਗਿਆ।