ਚੰਡੀਗੜ੍ਹ:ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਚਾਰਜ ਮਿਲਿਆ ਹੈ। ਅੱਜ ਗੌਰਵ ਯਾਦਵ ਕਾਰਜਕਾਰੀ ਡੀਜੀਪੀ ਦੀ ਕੁਰਸੀ ਸੰਭਾਲਣਗੇ। ਹੁਣ ਸੂਬਾ ਸਰਕਾਰ ਸਥਾਈ ਡੀਜੀਪੀ ਲਈ ਪੈਨਲ UPSC ਨੂੰ ਭੇਜੇਗੀ ਜਿਸ ਤੋਂ ਬਾਅਦ ਸਥਾਈ ਡੀਜੀਪੀ ਨਿਯੁਕਤ ਕੀਤਾ ਜਾਵੇਗਾ।
ਦੱਸ ਦਈਏ ਕਿ ਸਰਕਾਰ 6 ਮਹੀਨਿਆਂ ਲਈ ਕਾਰਜਕਾਰੀ ਡੀਜੀਪੀ ਨਾਲ ਕੰਮ ਕਰ ਸਕਦੀ ਹੈ। ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਹਨ। ਉਨ੍ਹਾਂ ਨੇ ਕੇਂਦਰ ਨੂੰ ਡੈਪੂਟੇਸ਼ਨ 'ਤੇ ਜਾਣ ਲਈ ਪੱਤਰ ਵੀ ਲਿਖਿਆ ਹੈ ਅਤੇ ਸੂਬਾ ਸਰਕਾਰ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨ੍ਹਾਂ ਤੋਂ ਪੰਜਾਬ ਦੇ ਡੀਜੀਪੀ ਬਦਲੇ ਜਾਣ ਦੀ ਚਰਚਾ ਚੱਲ ਰਹੀ ਸੀ ਜਿਸ ਤੋਂ ਬਾਅਦ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦੀ ਕਮਾਨ ਸੌਂਪ ਦਿੱਤੀ ਗਈ ਹੈ।
ਡੀਜੀਪੀ ਭਾਵਰਾ ਨਾਲ ਮਾਨ ਸਰਕਾਰ ਦੀ ਨਾਰਾਜ਼ਗੀ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੱਖ ਵੱਖ ਸਿਆਸੀ ਆਗੂ ਪਿੰਡ ਮੂਸਾ ਵਿਖੇ ਉਨ੍ਹਾਂ ਦੇ ਘਰ ਚ ਪਰਿਵਾਰ ਨਾਲ ਅਫਸੋਸ ਜਤਾਉਣ ਲਈ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ। ਪਰ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਸੀ। ਇਸ ਤੋਂ ਬਾਅਦ ਡੀਜੀਪੀ ਭਾਵਰਾ ਦੇ ਨਾਲ ਮਾਨ ਸਰਕਾਰ ਦੀ ਨਾਰਾਜਗੀ ਸਾਹਮਣੇ ਆਉਣ ਲੱਗੀ। ਹਾਲਾਂਕਿ ਇਸ ਦੌਰਾਨ ਸੀਐੱਮ ਮਾਨ ਨੇ ਕਤਲਕਾਂਡ ਦੇ ਮੁਲਜ਼ਮਾਂ ਨੂੰ ਹਰ ਹਾਲ ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ।
ਸੰਗਰੂਰ ਜ਼ਿਮਨੀ ਚੋਣਾਂ ’ਚ 'ਆਪ' ਦੀ ਹਾਰ: ਇੱਕ ਪਾਸੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਸੰਗਰੂਰ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਥੋਂ ਦੋ ਵਾਰ ਐਮਪੀ ਰਹਿ ਚੁੱਕੇ ਹਨ। ਹਾਲਾਂਕਿ ਤਿੰਨ ਮਹੀਨਿਆਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਪਰ ਚੋਣਾਂ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਮੁੱਖ ਮੁੱਦਾ ਰਿਹਾ। ਦੱਸ ਦਈਏ ਕਿ ਵੀਕੇ ਭਾਵਰਾ ਨੂੰ ਪਿਛਲੀ ਸਰਕਾਰ ਵੱਲੋਂ ਡੀਜੀਪੀ ਲਗਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ।