ਚੰਡੀਗੜ੍ਹ: ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਪਰ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਦਿਖਾਈ ਦੇ ਰਿਹਾ ਹੈ। ਪਾਰਟੀ ਲਈ ਇੰਨ੍ਹੀਂ ਦਿਨੀਂ ਦੋ ਸਾਬਕਾ ਸੂਬਾ ਪ੍ਰਧਾਨ ਸਭ ਤੋਂ ਵੱਡੀ ਸਿਰਦਰਦੀ ਬਣੇ ਹੋਏ ਹਨ। ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ (SIDHU AND JAKHAR A CHALLENGE FOR PARTY) ਹਨ। ਦੋਵਾਂ ਦੇ ਇਸ਼ਾਰਿਆਂ ਤੋਂ ਅਜਿਹਾ ਨਹੀਂ ਲੱਗਦਾ ਕਿ ਉਹ ਪਾਰਟੀ ਦੀ ਨਵੀਂ ਅਗਵਾਈ ਹੇਠ ਚੱਲਣ ਲਈ ਤਿਆਰ ਹਨ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਉਹ ਪਾਰਟੀ ਦੇ ਹੋਰ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਜਿਸ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਨਵੇਂ ਸੂਬਾ ਪ੍ਰਧਾਨ ਨਾਲ ਚੱਲਣਾ ਨਹੀਂ ਚਾਹੁੰਦੇ।
ਸਿੱਧੂ ਦੀ ਬਗਾਵਤ ! : ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਪ੍ਰਧਾਨ ਤੋਂ ਪਹਿਲਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਪਾਰਟੀ ਦੇ ਹੋਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਜੋ ਸਥਿਤੀ ਬਣੀ ਸੀ, ਉਹੀ ਸਥਿਤੀ ਅਜੇ ਬਰਕਰਾਰ ਹੈ। ਭਾਵੇਂ ਪੰਜਾਬ ਵਿੱਚ ਪਾਰਟੀ ਨੇ ਆਪਣਾ ਚਿਹਰਾ ਬਦਲ ਲਿਆ ਹੈ ਪਰ ਜੋ ਸਵਾਲ ਪਾਰਟੀ ਅੱਗੇ ਖੜ੍ਹੇ ਸਨ, ਉਹ ਅਜੇ ਵੀ ਨਜ਼ਰ ਆ ਰਹੇ ਹਨ।
ਨਵੇਂ ਪ੍ਰਧਾਨ ਤੋਂ ਵੱਖ ਚੱਲ ਰਹੇ ਸਿੱਧੂ:ਦੱਸ ਦੇਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਸਨ। ਇਸ ਲਈ ਸਿੱਧੂ ਜਿਸ ਤਰੀਕੇ ਨਾਲ ਚੱਲ ਰਹੇ ਹਨ, ਉਸ ਤੋਂ ਇਹ ਵੀ ਸੰਕੇਤ ਮਿਲ ਰਿਹਾ ਹੈ ਕਿ ਉਹ ਅਮਰਿੰਦਰ ਦੀ ਲੀਡਰਸ਼ਿਪ ਤੋਂ ਅਸਹਿਜ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਕੁਝ ਦਿਨ ਪਹਿਲਾਂ ਹੋਈ ਸੂਬਾ ਕਾਂਗਰਸ ਦੀ ਮੀਟਿੰਗ ਵਿੱਚ ਵੀ ਨਹੀਂ ਪੁੱਜੇ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿੱਧੂ ਨੂੰ ਨਵੇਂ ਪ੍ਰਧਾਨ ਦੀ ਕਮਾਨ ਪਸੰਦ ਰਾਸ ਨਹੀਂ ਆ ਰਹੀ ਹੈ।
ਸੁਨੀਲ ਜਾਖੜ ਦੇ ਬਾਗੀ ਤੇਵਰ, ਨੋਟਿਸ ਦਾ ਨਹੀਂ ਦਿੱਤਾ ਜਵਾਬ: ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਉਹ ਵੀ ਇੰਨ੍ਹੀਂ ਦਿਨੀਂ ਪਾਰਟੀ ਲਾਈਨ ਤੋਂ ਵੱਖ ਹੁੰਦੇ ਨਜ਼ਰ ਆ ਰਹੇ ਹਨ। ਦਰਅਸਲ, ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਅੰਦਰ ਹੀ ਉਨ੍ਹਾਂ ਦਾ ਵਿਰੋਧ ਹੋਇਆ, ਉਥੇ ਹੀ ਵਿਰੋਧੀ ਪਾਰਟੀ ਦੇ ਆਗੂਆਂ ਨੇ ਵੀ ਕਾਂਗਰਸ 'ਤੇ ਸਵਾਲ ਚੁੱਕਣੇ ਤੇਜ਼ ਕਰ ਦਿੱਤੇ। ਪਾਰਟੀ ਖਿਲਾਫ਼ ਉੱਠੇ ਸਵਾਲਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪਰ ਸੁਨੀਲ ਜਾਖੜ ਨੇ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ।
ਪਾਰਟੀ ਅੰਦਰ ਮੱਚਿਆ ਬਵਾਲ: ਇੰਨ੍ਹਾਂ ਦੋਵਾਂ ਆਗੂਆਂ (ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ) ਦੇ ਰਵੱਈਏ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ। ਇਹ ਦੋਵੇਂ ਆਗੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਵਾਰ ਬੇਬਾਕ ਰਵੱਈਏ ਨਾਲ ਬਿਆਨ ਦਿੰਦੇ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਦੌਰ ਵਿੱਚ ਭਾਵੇਂ ਪਾਰਟੀ ਵਿਰੋਧੀ ਧਿਰ ਤੱਕ ਪਹੁੰਚ ਗਈ ਹੈ ਪਰ ਉਨ੍ਹਾਂ ਦਾ ਰਵੱਈਆ ਅਜੇ ਵੀ ਉਹੀ ਹੈ। ਇੰਨ੍ਹਾਂ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਨੂੰ ਅਜੇ ਵੀ ਆਪਣੇ ਨਾਲੋਂ ਵੱਧ ਵਿਰੋਧੀ ਪਾਰਟੀ ਦੇ ਆਗੂਆਂ ਦੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ।