ਚੰਡੀਗੜ੍ਹ:ਰੋਪੜ ਜੇਲ੍ਹ 'ਚ ਬੰਦ ਰਹੇ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ (Gangster Mukhtar Ansari) ਨੂੰ ਲੈ ਕੇ ਪੰਜਾਬ 'ਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਹ ਹੰਗਾਮਾ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਟਰੀਟਮੈਂਟ ਦੇਣ ਨੂੰ ਲੈ ਕੇ ਹੈ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Former Jail Minister Sukhjinder Randhawa) ਜੇਲ੍ਹ ਪ੍ਰਸ਼ਾਸਨ ਦੀ ਜਾਂਚ ਵਿੱਚ ਆਪਣੀ ਪੁਸ਼ਟੀ ਤੋਂ ਬਾਅਦ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਹੁਣ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ। ਸਰਕਾਰ ਜਿੱਥੇ ਚਾਹੇ ਬੁਲਾ ਕੇ ਪੁੱਛ-ਪੜਤਾਲ ਕਰ ਸਕਦੀ ਹੈ।
ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Former Jail Minister Sukhjinder Randhawa) ਨੇ ਕਿਹਾ ਕਿ ਮੈਨੂੰ ਇਸ ਕੇਸ ਜਾਂ ਵਿਭਾਗ ਵਿੱਚ ਕੀਤੇ ਕੰਮ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਰੰਧਾਵਾ ਨੇ ਦੱਸਿਆ ਕਿ ਮੁਖਤਾਰ ਅੰਸਾਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਜ਼ਦੀਕੀ ਜੇਲ੍ਹ ਭੇਜ ਦਿੱਤਾ ਗਿਆ। ਮੈਨੂੰ ਵੀ ਇੱਕ ਵਾਰ ਸ਼ਿਕਾਇਤ ਮਿਲੀ। ਮੈਂ ਸਵੇਰੇ 6 ਵਜੇ ਛਾਪਾ ਮਾਰਿਆ ਸੀ।