ਪੰਜਾਬ

punjab

ETV Bharat / city

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 'ਤੇ ਸਾਬਕਾ ਮੁੱਖ ਮੰਤਰੀ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਖੇ ਸਤੰਬਰ ਦੇ ਮਹੀਨੇ 'ਚ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਅੱਜ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ 'ਤੇ ਸਾਬਕਾ ਮੁੱਖ ਮੰਤਰੀ ਸਣੇ ਕਈ ਸਿਆਸੀ ਆਗੂਆਂ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ
ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ

By

Published : Sep 23, 2021, 11:29 AM IST

ਚੰਡੀਗੜ੍ਹ : ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਅੱਜ ਬਣੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ 5 ਦਿਨੀਂ ਵਿਰਾਸਤੀ ਮੇਲੇ ਦਾ ਵੀ ਆਯੋਜਨ ਕੀਤਾ ਗਿਆ ਹੈ।

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਸੂਬਾ ਵਾਸਿਆਂ ਨੂੰ ਵਧਾਈਆਂ ਦਿੱਤੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਦਾ ਟਵੀਟ

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ , ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਟਵਿੱਟਰ ਪੇਜ਼ 'ਤੇ ਸੰਦੇਸ਼ ਲਿੱਖ ਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਇਥੇ ਉਨ੍ਹਾਂ ਨੇ ਬਾਬਾ ਸ਼ੇਖ ਫਰੀਦ ਜੀ ਦੀਆਂ ਕੁੱਝ ਸਤਰਾਂ ਸਾਂਝੀਆਂ ਕੀਤੀਆਂ ਹਨ,

" ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮ ।।

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਫਰੀਦਕੋਟ ਦੀ ਪਾਵਨ ਧਰਤੀ ‘ਤੇ ਹਰ ਸਾਲ ਮੇਲਾ ਸਜਾਇਆ ਜਾਂਦਾ ਹੈ ਜਿੱਥੇ ਸੰਗਤਾਂ ਨਤਮਸਤਕ ਹੋ ਕੇ ਬਾਬਾ ਫਰੀਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

ਸੁਖਬੀਰ ਬਾਦਲ ਦਾ ਟਵੀਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਸੁਖਬੀਰ ਬਾਦਲ ਨੇ ਵੀ ਟਵੀਟ ਕਰ ਸੰਗਤ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਲਿਖਿਆ, " ਮਹਾਨ ਸੂਫ਼ੀ ਕਵੀ ਅਤੇ ਭਗਤੀ ਲਹਿਰ ਦੀ ਸਨਮਾਨਯੋਗ ਹਸਤੀ, ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ੇਖ ਫ਼ਰੀਦ ਜੀ ਦੀ ਬਾਣੀ, ਮਨੁੱਖ ਨੂੰ ਆਤਮ-ਮੰਥਨ ਲਈ ਪ੍ਰੇਰਦੀ ਹੈ।"

ਹਰਸਿਮਰਤ ਕੌਰ ਬਾਦਲ ਦਾ ਟਵੀਟ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮੌਕੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, " ਸੂਫ਼ੀ ਮੱਤ ਦੇ ਮਹਾਨ ਕਵੀ ਅਤੇ ਦਰਵੇਸ਼ ਭਗਤ,ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੀ ਬਾਣੀ ਬਾਹਰੀ ਦਿਖਾਵੇ ਅਤੇ ਪਖੰਡਾਂ ਦਾ ਖੰਡਨ ਕਰਦੀ ਹੈ ਅਤੇ ਮਨੁੱਖ ਨੂੰ ਸੱਚੀ ਤੇ ਅਸਲ ਭਗਤੀ ਲਈ ਦਿਸ਼ਾ ਪ੍ਰਦਾਨ ਕਰਦੀ ਹੈ।"

ਬਾਬਾ ਫਰੀਦ ਜੀ ਦੇ ਸ਼ਹਿਰ ਵਿੱਚ ਆਗਮਨ ਪੁਰਬ ਵਜੋਂ ਮਨਾਇਆ ਜਾਂਦਾ ਹੈ। ਫਰੀਦਕੋਟ ਵਾਸੀ ਪਿਛਲੇ 42 ਸਾਲਾਂ ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਬੇਹਦ ਸ਼ਰਧਾ ਭਾਵ ਨਾਲ ਵਿਰਾਸਤੀ ਮੇਲੇ ਵਜੋਂ ਮਨਾ ਰਹੇ ਹਨ। ਇਨ੍ਹਾਂ 5 ਦਿਨਾਂ ਦੌਰਾਨ ਫ਼ਰੀਦਕੋਟ ਵਾਸੀ ਜਿਥੇ ਬਾਬਾ ਸ਼ੇਖ ਫਰੀਦ ਜੀ ਨੂੰ ਸਿਜਦਾ ਕਰਦੇ ਹਨ, ਉਥੇ ਹੀ ਇੱਥੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ, ਇਸ ਮੁਕਾਬਲੇ ਖੇਡਾਂ ਦੇ ਮਹਾਂਕੁੰਭ ਵਜੋਂ ਮਨਾਏ ਜਾਂਦੇ ਹਨ। ਇਸ ਮੌਕੇ ਸਾਹਿਤ ਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜੋ ਕਿ ਇਸ ਮੇਲੇ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ।

ਪੰਜਾਬ ਦੀ ਧਰਤੀ 'ਤੇ ਬਾਬਾ ਫਰੀਦ ਜੀ ਦਾ ਆਗਮਨ

ਮੰਨਿਆ ਜਾਂਦਾ ਹੈ ਕਿ 12 ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਦਿੱਲੀ ਤੋਂ ਪਾਕਪਟਨ ( ਪਾਕਿਸਤਾਨ) ਨੂੰ ਜਾਂਦੇ ਸਮੇਂ ਫ਼ਰੀਦਕੋਟ ਠਹਿਰੇ ਸਨ। ਬਾਬਾ ਫਰੀਦ ਜੀ ਅਤੇ ਫ਼ਰੀਦਕੋਟ ਬਾਰੇ ਇਕ ਗੱਲ ਪ੍ਰਚੱਲਤ ਹੈ ਕਿ ਬਾਬਾ ਫਰੀਦ ਜੀ ਜਦ ਪਾਕਪਟਨ ਜੋ ਕਿ (ਹੁਣ ਪਾਕਿਸਤਾਨ 'ਚ ਸਥਿਤ ਹੈ ) ਨੂੰ ਜਾਂਦੇ ਸਮੇਂ ਫ਼ਰੀਦਕੋਟ ਸ਼ਹਿਰ ਤੋਂ ਬਾਹਰ ਰੁਕੇ ਅਤੇ ਆਪਣੀ ਗੋਦੜੀ(ਵਿਛਾਉਣਾ) ਬੇਰੀ ਦੇ ਦਰੱਖਤ 'ਤੇ ਟੰਗ ਕੇ ਆਪ ਖਾਣ ਪੀਣ ਦੇ ਸਮਾਨ ਦੀ ਭਾਲ ਲਈ ਸ਼ਹਿਰ ਵੱਲ ਆ ਗਏ।

ਟਿੱਲਾ ਬਾਬਾ ਫਰੀਦ ਜੀ

ਫ਼ਰੀਦਕੋਟ ਸ਼ਹਿਰ ਦਾ ਨਾਂਅ ਉਸ ਸਮੇਂ ਇਥੋਂ ਦੇ ਰਾਜਾ ਮੋਕਲ ਦੇ ਨਾਮ ਪਰ ਮੋਕਲਹਰ ਸੀ। ਮੋਕਲਹਰ ਵਿੱਚ ਕਿਲੇ ਦੀ ਉਸਾਰੀ ਚੱਲ ਰਹੀ ਸੀ। ਜਦੋਂ ਬਾਬਾ ਫਰੀਦ ਜੀ ਸ਼ਹਿਰ ਵਿੱਚ ਆਏ ਤਾਂ ਰਾਜੇ ਦੇ ਸਿਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਫੜ੍ਹ ਕੇ ਕਿਲੇ ਦੇ ਚੱਲ ਰਹੇ ਉਸਾਰੀ ਕਾਰਜਾਂ ਵਿੱਚ ਬੇਗਾਰ (ਬਿਨਾਂ ਤਨਖਾਹ) ਵਜੋਂ ਲਗਾ ਲਿਆ। ਮੰਨਿਆ ਜਾਂਦਾ ਹੈ ਕਿ ਜਦੋਂ ਬਾਬਾ ਫਰੀਦ ਜੀ ਨੂੰ ਗਾਰੇ ਦੀ ਭਰੀ ਹੋਈ ਟੋਕਰੀ ਸਿਰ 'ਤੇ ਚਕਵਾਈ ਗਈ ਤਾਂ ਟੋਕਰੀ ਉਨ੍ਹਾਂ ਦੇ ਸਿਰ ਤੋਂ ਕਰੀਬ 2 ਹੱਥ ਉਪਰ ਹਵਾ ਵਿਚ ਤੈਰਨ ਲੱਗੀ,ਜਿਸ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਅਤੇ ਰਾਜੇ ਦੇ ਸਿਪਾਹੀਆਂ ਨੇ ਇਹ ਸਾਰੀ ਘਟਨਾਂ ਰਾਜੇ ਮੋਕਲਸੀ ਨੂੰ ਜਾ ਦੱਸੀ। ਰਾਜਾ ਮੋਕਲਸੀ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਬਾਬਾ ਫਰੀਦ ਜੀ ਕੋਲ ਨਤਮਸਤਕ ਹੋ ਕੇ ਆਪਣੇ ਸਿਪਾਹੀਆਂ ਵੱਲੋਂ ਕੀਤੀ ਗਈ ਭੁੱਲ ਦੀ ਮੁਆਫੀ ਮੰਗੀ।

ਬਾਬਾ ਸ਼ੇਖ ਫਰੀਦ ਜੀ ਦੀ ਯਾਦ 'ਚ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ

ਜਿਸ ਥਾਂ 'ਤੇ ਆਪਣੀ ਗੋਦੜੀ ਦੀ ਯਾਦ ਵਿੱਚ ਬਾਬਾ ਫਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਸੀ ਉਸ ਥਾਂ ਮੌਜੂਦਾ ਸਮੇਂ 'ਚ ਗੁਰਦੁਆਰਾ ਗੋਦੜੀ ਸਾਹਿਬ ਸ਼ਸ਼ੋਬਿਤ ਹੈ। ਬਾਬਾ ਫਰੀਦ ਜੀ ਨੇ ਜਿਸ ਥਾਂ ਤੋਂ ਮਿੱਟੀ ਦੀ ਟੋਕਰੀ ਚੁੱਕੀ ਸੀ ਅਤੇ ਆਪਣੇ ਗਾਰੇ ਨਾਲ ਲਿਬੜੇ ਹੋਏ ਹੱਥ ਜੰਗਲ ਦੇ ਦਰੱਖ਼ਤ ਨਾਲ ਸਾਫ਼ ਕੀਤੇ ਸਨ, ਉਸ ਥਾਂ 'ਤੇ ਇਨ੍ਹੀ ਦਿਨੀ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਬਿਤ ਹੈ, ਜਿਸ ਨੂੰ ਟਿੱਲਾ ਬਾਬਾ ਫਰੀਦ ਜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਬਾਬਾ ਸ਼ੇਖ ਫਰੀਦ ਆਗਮਨ ਪੁਰਬ: ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਵਿਖੇ ਕੀਰਤਨ ਦਰਬਾਰ ਦਾ ਆਯੋਜਨ

ABOUT THE AUTHOR

...view details