ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਥੇਦਾਰ ਸੇਖਵਾਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ਸਬੰਧੀ ਖ਼ਬਰ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਵਲੋਂ ਸੋਸ਼ਲ ਮੀਡੀਆ ਰਾਹੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਸੇਖਵਾਂ 'ਚ ਕੀਤਾ ਜਾਵੇਗਾ।
ਸੇਵਾ ਸਿੰਘ ਸੇਖਵਾਂ ਨੇ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪਰਿਵਾਰ ਸਮੇਤ 'ਆਪ' ਦਾ ਪੱਲਾ ਫੜਿਆ ਸੀ। ਉਨ੍ਹਾਂ ਨੂੰ ਪਾਰਟੀ 'ਚ ਜੁਆਇੰਨ ਕਰਵਾਉਣ ਲਈ ਖੁਦ ਅਰਵਿੰਦ ਕੇਜਰੀਵਾਲ ਸੇਖਵਾਂ ਪਿੰਡ ਪਹੁੰਚੇ ਸਨ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਜਥੇਦਾਰ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ।
ਦੱਸ ਦਈਏ ਕਿ ਸੇਵਾ ਸਿੰਘ ਸੇਖਵਾਂ ਉੱਘੇ ਸਿਆਸਤਦਾਨ ਅਤੇ ਅਕਾਲੀ ਆਗੂ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਸਪੁੱਤਰ ਸਨ। ਸੇਵਾ ਸਿੰਘ ਸੇਖਵਾਂ ਦੇ ਪਿਤਾ ਵੀ ਅਕਾਲੀ ਦਲ ਦੀ ਸਰਕਾਰ ਮੌਕੇ ਵਿਧਾਇਕ ਬਣਦੇ ਆਏ ਸਨ। ਜਥੇਦਾਰ ਉਜਾਗਰ ਸਿੰਘ ਸੇਖਵਾਂ ਐਮਰਜੈਂਸੀ ਸਮੇਂ 'ਚ ਕੁਝ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਸਨ।
ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ ਵਿਚ ਐਂਟਰੀ ਕੀਤੀ। ਸੇਵਾ ਸਿੰਘ ਸੇਖਵਾਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਮੇਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਲੰਬਾ ਸਮਾਂ ਲੋਕਾਂ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਸੇਖਵਾਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹਿ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਸਾਲ 1997 'ਚ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ 'ਚ ਵਿਧਾਨ ਸਭਾ ਹਲਕਾ ਕਾਹਨੂੰਵਾਨ ਤੋਂ ਵਿਧਾਇਕ ਬਣੇ ਸਨ। ਜਿਸ ਦੌਰਾਨ ਇਨ੍ਹਾਂ ਨੂੰ ਕੈਬਨਿਟ ਦੀ ਕਰਸੀ ਸੌਂਪਦਿਆਂ ਪੰਜਾਬ ਦੀ ਵਜ਼ਾਰਤ 'ਚ ਮਾਲ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
ਇਸ ਤੋਂ ਬਾਅਦ ਸਾਲ 2002 'ਚ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਸਾਲ 2009 'ਚ ਮੁੜ ਹਲਕਾ ਕਾਹਨੂੰਵਾਨ 'ਚ ਹੋਈ ਜ਼ਿਮਨੀ ਚੋਣ ਦੌਰਾਨ ਜਿੱਤ ਉਨ੍ਹਾਂ ਦੀ ਝੋਲੀ ਪਈ। ਜਿਸ ਉਪਰੰਤ ਬਾਦਲ ਸਰਕਾਰ ਵਲੋਂ ਮੁੜ ਉਨ੍ਹਾਂ ਨੂੰ ਕੈਬਨਿਟ ਦੀ ਕੁਰਸੀ ਦਿੱਤੀ ਗਈ ਅਤੇ ਸਿੱਖਿਆ ਮੰਤਰੀ ਬਣਾਇਆ ਗਿਆ। ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਬਣੀ ਕਮੇਟੀ 'ਚ ਵੀ ਰਹੇ। ਇਸ ਤੋਂ ਇਲਾਵਾ ਜਗਰੂਪ ਸਿੰਘ ਸੇਖਵਾਂ ਕਾਹਨੂੰਵਾਨ ਮਾਰਕੀਟ ਦੇ ਚੇਅਰਮੈਨ ਰਹਿ ਚੁੱਕੇ ਹਨ।
ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਮਿਲਣ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਉਨ੍ਹਾਂ ਦਿੱਗਜ ਆਗੂਆਂ 'ਚ ਸ਼ਾਮਲ ਹੋ ਗਏ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਤੇ ਸਵਾਲ ਚੁੱਕ ਰਹੇ ਸਨ। ਇਸ ਦੇ ਚੱਲਦਿਆਂ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਅਧਾਰ 'ਤੇ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਜਥੇਦਾਰ ਸੇਖਵਾਂ ਵਲੋਂ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ 2018 ਵਿੱਚ ਕੀਤਾ ਸੀ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਹੋਇਆ ਤਾਂ ਸੇਖਵਾਂ ਪਹਿਲੇ ਆਗੂ ਸਨ ਜਿੰਨ੍ਹਾਂ ਨੇ ਢੀਂਡਸਾ ਦਾ ਸਾਥ ਦਿੱਤਾ ਸੀ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇੱਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰੂਪ ਲੈ ਚੁੱਕਾ ਹੈ।
ਇਸ ਸਾਲ ਸਤੰਬਰ ਮਹੀਨੇ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਸਮੇਤ ਪਰਿਵਾਰ ਅਤੇ ਸਮਰਥਕਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਜਥੇਦਾਰ ਸੇਵਾ ਸਿੰਘ ਦੀ ਹਾਲਤ ਅਤੇ ਬਿਮਾਰੀ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਸਪੁੱਤਰ ਜਗਰੂਪ ਸਿੰਘ ਸੇਖਵਾਂ ਨੂੰ ਕਾਦੀਆਂ ਹਲਕੇ ਤੋਂ ਪਾਰਟੀ ਦਾ ਇੰਚਾਰਜ ਥਾਪਿਆ ਹੋਇਆ ਹੈ।
ਸੇਵਾ ਸਿੰਘ ਸੇਖਵਾਂ ਦੀ ਮੌਤ 'ਤੇ ਜਿੱਥੇ ਉਨ੍ਹਾਂ ਦੇ ਸਮਰਥਕਾਂ 'ਚ ਦੁੱਖ ਅਤੇ ਨਿਰਾਸ਼ਾ ਦਾ ਆਲਮ ਹੈ। ਉਸ ਦੇ ਨਾਲ-ਨਾਲ ਇਲਾਕੇ ਦੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਸ ਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਪ੍ਰਤਾਪ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਇਸ ਤਸਵੀਰ ਤੋਂ ਬਾਅਦ ਰਾਕੇਸ਼ ਟਿਕੈਤ 'ਤੇ ਉੱਠੇ ਸਵਾਲ