ਚੰਡੀਗੜ: ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਜ਼ਿਲਾ ਸਕੂਲ ਸਿੱਖਿਆ ਸੁਧਾਰ ਟੀਮਾਂ ਦਾ ਗਠਨ ਕਰ ਦਿੱਤਾ ਹੈ।
ਸਕੂਲਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਸਕੂਲ ਸਿੱਖਿਆ ਸੁਧਾਰ ਟੀਮਾਂ ਦਾ ਗਠਨ - monitor the activities of schools
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਉੱਤੇ ਨਜ਼ਰ ਰੱਖਣ ਲਈ ਸੁਧਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੁਖੀ ਹੋਣਗੇ। ਇਹ ਟੀਮਾਂ ਆਪਣੇ ਜ਼ਿਲ੍ਹੇ ਦੇ ਸਬੰਧਿਤ ਡੀ.ਐਮ./ਬੀ.ਐਮ. ਨਾਲ ਰਾਬਤਾ ਕਾਇਮ ਰੱਖਣਗੀਆਂ। ‘ਪੜੋ ਪੰਜਾਬ, ਪੜਾਓ ਪੰਜਾਬ’ ਦੀਆਂ ਗਤੀਵਿਧੀਆਂ ਅਨੁਸਾਰ ਆਪਣੀ ਯੋਜਨਾ ਤਿਆਰ ਕਰਕੇ ਸਿੱਖਿਆ ਦੇ ਗੁਣਾਤਮਿਕ ਸੁਧਾਰਾਂ ਲਈ ਸਹਿਯੋਗ ਕਰਨਗੇ।
ਬੁਲਾਰੇ ਅਨੁਸਾਰ ਇਹ ਟੀਮਾਂ ਪੰਜਾਬ ਅਚੀਵਮੈਂਟ ਸਰਵੇ, ਸਮਾਰਟ ਸਕੂਲ ਪ੍ਰੋਜੈਕਟ, ਇੰਗਲਸ਼ ਬੂਸਟਰ ਕਲੱਬ, ਵੈਲਕਮ ਲਾਈਫ, ਬੱਡੀ ਗਰੁੱਪ, ਮਿਸ਼ਨ ਸ਼ੱਤ ਪ੍ਰਤੀਸ਼ਤ ਅਤੇ ਦਾਖ਼ਲਾ ਮੁਹਿੰਮ ਵਰਗੇ ਚੱਲ ਰਹੇ ਪ੍ਰੋਜੈਕਟਾਂ ਦੇ ਕੰਮਾਂ ਨੂੰ ਸਫ਼ਲਤਾਪੂਰਨ ਨੇਪਰੇ ਚਾੜਨ ਵਿੱਚ ਸਹਿਯੋਗ ਦੇਣਗੀਆਂ। ਇਹ ਟੀਮਾਂ ਆਪਣੇ ਜ਼ਿਲ੍ਹੇ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਸਕੂਲ ਮੁਖੀਆਂ, ਅਧਿਆਪਕਾਂ ਅਤੇ ਹੋਰਨਾਂ ਨੂੰ ਪ੍ਰੇਰਤ ਕਰਨਗੀਆਂ। ਇਸ ਦੇ ਨਾਲ ਹੀ ਇਹ ਕੋਵਿਡ-19 ਦੇ ਸਬੰਧ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਸਕੂਲ ਮੁਖੀਆਂ ਨੂੰ ਗਾਈਡ ਕਰਨਗੀਆਂ।