ਚੰਡੀਗੜ੍ਹ: ਜੰਗਲਾਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਿੱਥੇ ਸਮੇਂ ਅੰਦਰ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਨੂੰ ਰੈਗੂਲਰ ਸੁਣਵਾਈ ਲਈ ਸੈਸ਼ਨ ਕੋਰਟ ਵਿਖੇ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਿਰਾਸਤ ਚ ਲਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵੱਲੋਂ ਪਹਿਲਾਂ ਹੀ ਮੁਕੱਦਮਾ ਨੰ. 7, ਮਿਤੀ 6-7-2022 ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾਂ ਜੰਗਲਾਤ ਅਫਸਰ ਗੁਰਮਨਪ੍ਰੀਤ ਸਿੰਘ ਅਤੇ ਇੱਕ ਪ੍ਰੈਸ ਰਿਪੋਰਟਰ ਕਮਲਪ੍ਰੀਤ ਸਿੰਘ ਉਰਫ ਕਮਲ, ਤੱਤਕਾਲੀ ਮੰਤਰੀ ਦੇ ਓਐਸਡੀ ਤੋਂ ਇਲਾਵਾ ਹੋਰ ਮੁਲਜਮਾਂ ਕੇਸ ਦਰਜ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ 7 ਜੂਨ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਹਨ।
ਉਨਾਂ ਅੱਗੇ ਦੱਸਿਆ ਕਿ ਬਿਓਰੋ ਵੱਲੋਂ ਇਸ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਮਨਪ੍ਰੀਤ ਸਿੰਘ, ਡੀਐਫਓ ਅਤੇ ਕਮਲਪ੍ਰੀਤ ਸਿੰਘ ਉਰਫ ਕਮਲ ਖਿਲਾਫ ਸੀਆਰਪੀਸੀ ਦੀ ਧਾਰਾ 173(2) ਤਹਿਤ ਸੈਸ਼ਨ ਕੋਰਟ, ਮੁਹਾਲੀ ਵਿੱਚ ਅੰਤਿਮ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ। ਹੁਣ ਇਹ ਮੁਕੱਦਮਾ ਮੁਹਾਲੀ ਦੀ ਵਧੀਕ ਅਤੇ ਸੈਸ਼ਨ ਅਦਾਲਤ ਵਿੱਚ ਸੁਣਵਾਈ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ’ਤੇ ਵਿਚਾਰ ਲਈ ਅਗਲੀ ਤਰੀਕ 8 ਅਗਸਤ, 2022 ਤੈਅ ਕੀਤੀ ਗਈ ਹੈ।