ਚੰਡੀਗੜ੍ਹ: ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬੇ ਭਰ ’ਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਾਉਣ ਅਤੇ ਬੂਟਿਆਂ ਦੀ ਸੰਭਾਲ ਕਰਨ ਲਈ ਸੂਬੇ ਦੀ ਹਰ ਚਾਹਵਾਨ ਸੰਸਥਾ ਦਾ ਸਹਿਯੋਗ ਲਿਆ ਜਾਵੇਗਾ।
ਧਰਮਸੋਤ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਉਸ ਸੰਸਥਾ ਦਾ ਸਵਾਗਤ ਹੈ ਜੋ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਦੀ ਇੱਛਾ ਰੱਖਦੀ ਹੈ। ਉਨਾਂ ਕਿਹਾ ਕਿ ਸੂਬੇ ਦੇ ਹਰ ਇੱਕ ਵਿਅਕਤੀ ਨੂੰ ਸਵੈ-ਇੱਛਾ ਨਾਲ ਬੂਟੇ ਲਾਉਣ ਅਤੇ ਉਨਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।
ਸੂਬੇ ਭਰ ’ਚ ਵੱਧ ਤੋਂ ਵੱਧ ਬੂਟੇ ਲਾਉਣ ’ਤੇ ਜ਼ੋਰ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਸੂਬੇ ਦੇ ਹਰ ਵਾਸੀ ਦੇ ਸਹਿਯੋਗ ਨਾਲ ਹੀ ਘਰ-ਘਰ ਹਰਿਆਲੀ ਲਿਆਂਦੀ ਜਾ ਸਕਦੀ ਹੈ।
ਧਰਮਸੋਤ ਨੇ ਜੰਗਲਾਤ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰ ’ਤੇ 26 ਜੁਲਾਈ, 2020 ਨੂੰ ‘ਮੇਰਾ ਰੁੱਖ ਦਿਵਸ’ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਦਿਵਸ ਮੌਕੇ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਨੇ ਹਰ ਸਾਲ ਜੁਲਾਈ ਦੇ ਆਖ਼ਰੀ ਐਤਵਾਰ ਨੂੰ ਮਨਾਏ ਜਾਂਦੇ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਸਬੰਧੀ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਸ੍ਰੀ ਅਸ਼ਵਨੀ ਜੋਸ਼ੀ ਨੇ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਨਾਂ ਦੀ ਜਥੇਬੰਦੀ ਬਣਾ ਕੇ ਸਾਲ 2010 ’ਚ ਪਹਿਲੀ ਵਾਰ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਮਨਾਉਣਾ ਸ਼ੁਰੂ ਕੀਤਾ ਸੀ। ਇਹ ਸੰਸਥਾ ਪਿਛਲੇ 11 ਸਾਲਾਂ ਤੋਂ ਆਪਣੇ ਵਿਲੱਖਣ ਯਤਨਾਂ ਨਾਲ ਪੰਜਾਬ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਸਵੈ-ਇੱਛਾ ਨਾਲ ਰੁੱਖ ਲਾਉਣ ਤੇ ਉਨਾਂ ਦੀ ਸੰਭਾਲ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਇਸ ਸੰਸਥਾ ਨੇ ਸਾਲ 2010 ’ਚ ਹੋਰਨਾਂ ਅੰਤਰਰਾਸ਼ਟਰੀ ਦਿਵਸਾਂ ਦੀ ਤਰਜ਼ ’ਤੇ ਸੂੁਬੇ ਦੇ ਨਾਗਰਿਕਾਂ ਨੂੰ ਰੁੱਖਾਂ ਨਾਲ ਨਿੱਜੀ ਤੌਰ ’ਤੇ ਜੋੜਨ ਲਈ ਹਰ ਸਾਲ ਜੁਲਾਈ ਮਹੀਨੇ ਦੇ ਆਖ਼ਰੀ ਐਤਵਾਰ ਨੂੰ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਮਨਾਉਣਾ ਆਰੰਭ ਕੀਤਾ ਸੀ।