ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਬਨਣ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਅੱਜ ਇਕ ਵੀਡੀਓ ਜਾਰੀ ਕਰ ਕਿਹਾ ਕਿ ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਕੀਤਾ ਸੀ।
ਉਸ ਦੇ ਉਲਟ ਗੰਨੇ ਦੀ ਪ੍ਰਤੀ ਕੁਇੰਟਲ ਰੇਟ ਵਿੱਚ ਸਿਰਫ਼ 1.75 ਫੀਸਦ ਯਾਨੀ ਕਿ ਪੰਜ ਰੁਪਏ ਅਤੇ ਕਣਕ ਦੀ ਐਮ.ਐ.ਪੀ ਵਿੱਚ ਸਿਰਫ਼ 2% ਹੀ ਵਾਧਾ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਲਾਗਤ ਖ਼ਰਚ ਕਈ ਗੁਣਾਂ ਵਧ ਚੁੱਕਿਆ ਹੈ।
ਇਹ ਵੀ ਪੜੋ: ਐਮਐਸਪੀ ਦੇ ਰੇਟਾਂ 'ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ
ਇਸ 'ਚ ਡੀਜ਼ਲ ਦੀ ਕੀਮਤ 48 ਫੀਸਦ, ਡੀਏਪੀ ਖਾਦ 140 ਫੀਸਦ, ਸਰ੍ਹੋਂ ਦਾ ਤੇਲ 174 ਫੀਸਦ, ਸੂਰਜਮੁਖੀ 170, ਐਲਪੀਜੀ ਸਿਲੰਡਰ ਦੀ ਕੀਮਤ 190 ਰੁਪਏ ਵਧ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਐੱਨਡੀਏ ਸਰਕਾਰ ਫੁਲ ਫਾਰਮ ਵਿੱਚ ਡਾਟਾ ਉਪਲਬੱਧ ਕਰਵਾ ਦੇਵੇ। ਉਨ੍ਹਾਂ ਦੇ ਕੋਲ ਕਿਸਾਨਾਂ ਮਜ਼ਦੂਰਾਂ ਅਤੇ ਸਮਾਲ ਟਰੇਡਰਜ਼ ਦਾ ਕੋਈ ਡਾਟਾ ਨਹੀਂ ਹੈ ।
ਕੇਂਦਰ ਸਰਕਾਰ ਸਿਰਫ਼ ਅਮੀਰ ਕਾਰਪੋਰੇਟ ਲੋਕਾਂ ਨੂੰ ਜਾਣਦੀ ਹੈ। ਜਿਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ। ਉਹੀ ਕੇਂਦਰ ਸਰਕਾਰ ਦੀ ਪਾਲਿਸੀ ਬਣਾ ਰਹੇ ਹਨ। ਤਿੰਨ ਖੇਤੀ ਕਾਨੂੰਨ ਵੀ ਇਸ ਦੀ ਇੱਕ ਉਦਾਹਰਨ ਹੈ। ਜਿਸ ਵਿੱਚ ਸਿਰਫ਼ 0.01% ਫ਼ਾਇਦਾ ਹੋਵੇਗਾ ਪਰ 70 ਫੀਸਦ ਭਾਰਤੀਆਂ ਨੂੰ ਲੁੱਟਿਆ ਜਾਵੇਗਾ।
ਅਕਾਲੀ ਦਲ ਨੇ ਆਲ ਪਾਰਟੀ ਮੀਟਿੰਗ ਵਿੱਚ ਕੀਤਾ ਸੀ ਖੇਤੀ ਕਾਨੂੰਨ ਦਾ ਸਮਰਥਨ
ਨਵਜੋਤ ਸਿੱਧੂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਿੱਚ ਮੰਤਰੀ ਅਹੁਦਾ ਛੱਡਣ ਤੇ ਐੱਨਡੀਏ ਦੇ ਗੱਠਜੋੜ ਨੂੰ ਤੋੜਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੂਨ 2020 ਵਿੱਚ ਹੋਈ ਆਲ ਪਾਰਟੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਤੰਬਰ 2020 ਤੱਕ ਇਨ੍ਹਾਂ ਕਾਨੂੰਨਾਂ ਦੇ ਸਮਰਥਨ ਵਿਚ ਵੀਡੀਓ ਜਾਰੀ ਕੀਤੇ, ਹਾਲਾਂਕਿ ਇਸਦੇ ਖਿਲਾਫ਼ ਲੋਕਾਂ ਅਤੇ ਕਿਸਾਨਾਂ ਦੇ ਦਬਾਅ ਦੇ ਵਿਚ ਉਨ੍ਹਾਂ ਨੇ ਯੂ ਟਰਨ ਲੈ ਲਿਆ ।
ਆਮ ਆਦਮੀ ਪਾਰਟੀ ਤੇ ਵੀ ਬੋਲੇ ਸਿੱਧੂ
ਆਮ ਆਦਮੀ ਪਾਰਟੀ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਸਰਕਾਰ ਪ੍ਰਾਈਵੇਟ ਮੰਡੀਆਂ ਵਿੱਚ ਪਹਿਲਾਂ ਹੀ ਖੇਤੀ ਕਾਨੂੰਨ ਲਾਗੂ ਕਰ ਚੁੱਕੀ ਹੈ, ਹੁਣ ਉਹ ਕਿਸਾਨਾਂ ਦੇ ਸਮਰਥਨ ਦਾ ਝੂਠਾ ਦਾਅਵਾ ਕਰ ਰਹੀ ਹੈ।
ਹੁਣ ਤੱਕ ਆਪਣੀ ਸਰਕਾਰ ਨੂੰ ਘੇਰ ਰਹੇ ਸੀ ਸਿੱਧੂ
ਹਾਲੇ ਤਕ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਸੀ, ਖੇਤੀ ਕਾਨੂੰਨ ਹੀ ਨਹੀਂ, ਨਸ਼ਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕਈ ਮੁੱਦਿਆਂ ਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਅ ਕਰ ਰਹੇ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਦਿੱਲੀ ਹਾਈ ਕਮਾਂਡ ਤੋਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰ ਬਦਲ ਦਿੱਤੀ ਹੈ ।