ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਪਹਿਲੀ ਵਾਰ ਦੇ ਆਜ਼ਾਦ ਬਣੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਹੀ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ ਅਤੇ ਅੱਜ ਹੀ ਸਦਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਸਦਨ 'ਚੋ ਜਬਰੀ ਬਾਹਰ ਕੱਢ ਦਿੱਤੇ ਗਏ। ਰਾਣਾ ਇੰਦਰਪ੍ਰਤਾਪ ਸਾਬਕਾ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਹਨ।
ਅੱਜ ਸਦਨ ਵਿਚ ਜਦ ਮੁੱਖ ਮੰਤਰੀ ਭਗਵੰਤ ਮਾਨ ਬੋਲ ਰਹੇ ਸਨ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਸਪੀਕਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਜਦ ਉਹ ਆਪਣੀ ਸੀਟ 'ਤੇ ਨਹੀਂ ਬੈਠੇ ਤਾਂ ਸਪੀਕਰ ਵੱਲੋਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਰਾਣਾ ਇੰਦਰ ਪ੍ਰਤਾਪ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਸਦਨ ਵਿੱਚੋਂ ਜਬਰੀ ਬਾਹਰ ਕੱਢ ਦਿੱਤਾ ਜਾਵੇਗਾ।
ਇਸ ਗੱਲ ਦਾ ਵੀ ਨਵੇਂ ਬਣੇ ਵਿਧਾਇਕ 'ਤੇ ਕੋਈ ਅਸਰ ਨਹੀਂ ਹੋਇਆ ਤਾਂ ਸਪੀਕਰ ਦੀਆਂ ਹਦਾਇਤਾਂ 'ਤੇ ਆਜ਼ਾਦ ਵਿਧਾਇਕ ਨੂੰ ਮਾਰਸ਼ਲਾਂ ਵੱਲੋਂ ਫੜ ਕੇ ਬਾਹਰ ਕਰ ਦਿੱਤਾ ਗਿਆ। ਆਜ਼ਾਦ ਵਿਧਾਇਕ ਆਪਣੇ ਹਲਕੇ ਸੁਲਤਾਨਪੁਰ ਲੋਧੀ ਨਾਲ ਸਬੰਧਤ ਕੋਈ ਮੁੱਦਾ ਚੁੱਕਣਾ ਚਾਹੁੰਦੇ ਸਨ, ਪਰ ਸਪੀਕਰ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਇਹ ਵਿਸ਼ੇਸ਼ ਸੈਸ਼ਨ ਹੈ, ਜਿਸ ਵਿੱਚ ਸਿਰਫ਼ ਸਰਕਾਰੀ ਮੁੱਦੇ 'ਤੇ ਹੀ ਬਹਿਸ ਅਤੇ ਵਿਚਾਰ ਹੋ ਸਕਦਾ ਹੈ।