ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਪਾਰਟੀ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਹੈ। ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆ ਗਈਆਂ ਹਨ ਜਿੰਨ੍ਹਾਂ ਵਿਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਹੋਰ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ।
ਪਿਛਲੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਨੂੰ ਸਵੀਕਾਰ ਕੀਤਾ ਸੀ। ਇਸਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਫਾਰਸ਼ਾਂ ਲਾਗੂ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੇ ਅਧਿਕਾਰ ਵੀ ਦਿੱਤੇ ਸਨ।
ਝੂੰਦਾਂ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਨੂੰ ਮੁੜ ਤੋਂ ਖੜ੍ਹਾ ਕਰਨ ਦੇ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਜਾਵੇ। ਇਹ ਵੀ ਸਿਫਾਰਸ਼ ਕੀਤੀ ਗਈ ਸੀ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਵੇਲੇ ਪਾਰਟੀ ਤੇ ਇਸਦੇ ਗੌਰਵਮਈ ਇਤਿਹਾਸ ਮੁਤਾਬਕ ਕਦਰਾਂ ਕੀਮਤਾਂ ਦਾ ਖਿਆਲ ਵੀ ਰੱਖਿਆ ਜਾਵੇ। ਇਸ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਪੁਨਰਗਠਨ ਦੇ ਨਾਲ-ਨਾਲ ਕਈ ਹੋਰ ਬਦਲਾਅ ਲਿਆਉਣ ਲਈ ਜ਼ਮੀਨੀ ਪੱਧਰ ਦੇ ਪਾਰਟੀ ਕੇਡਰ ਅਤੇ ਸੀਨੀਅਰ ਸਾਥੀਆਂ ਨਾਲ ਕੀਤੇ ਜਾਣ ਵਾਲੇ ਸਲਾਹ-ਮਸ਼ਵਰਿਆਂ ਤੋਂ ਇਲਾਵਾ, ਪਾਰਟੀ ਪ੍ਰਧਾਨ ਵੱਖੋ-ਵੱਖ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਚਿੰਤਕਾਂ ਦੇ ਨਾਲ-ਨਾਲ ਸਮਾਜ ਦੇ ਵੱਖੋ-ਵੱਖਰੇ ਵਰਗਾਂ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ-ਵਟਾਂਦਰੇ ਕਰਨਗੇ।
ਇਹ ਵੀ ਪੜ੍ਹੋ:ਲਾਰੈਂਸ ਦੇ ਗੁਰਗੇ ਨੇ ਦਾਗਿਆ ਸੀ ਇੰਟੈਲੀਜੈਂਸ ਦਫਤਰ 'ਤੇ ਰਾਕੇਟ, ਜਾਂਚ 'ਚ ਆਇਆ ਸਾਹਮਣੇ