ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਭਲਕੇ ਚੋਣ ਨਤੀਜੇ ਐਲਾਨੇ ਜਾਣਗੇ। ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਸੱਦੀ ਗਈ ਹੈ। ਸਿੱਧੂ ਵੱਲੋਂ ਇਹ ਮੀਟਿੰਗ ਸ਼ਾਮ 5 ਵਜੇ ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿੱਚ ਸੱਦੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਾਰੇ ਚੁਣੇ ਜਾਣ ਵਾਲੇ ਨਵੇਂ ਵਿਧਾਇਕਾਂ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਜਿਕਰਯੋਗ ਹੈ ਕਿ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਸਿੰਗ ਬਲੀਏਵਾਲ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਪ੍ਰਿਤਪਾਲ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਸ਼ੋਅ ਚੱਲੇਗਾ।
ਲਗਾਤਾਰ ਬਲੀਏਵਾਲ ਚੋਣ ਨਤੀਜਿਆਂ ਨੂੰ ਲੈਕੇ ਵਿਰੋਧੀਆਂ ਨੂੰ ਤਾੜਨਾ ਕਰ ਰਹੇ ਹਨ। ਇਸਦੇ ਨਾਲ ਹੀ ਬਲੀਏਵਾਲ ਨੇ ਬੀਤੀ ਰਾਤ ਸਿਸਵਾਂ ਫਾਰਮ ਹਾਊਸ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਾਮਿਲ ਹੋਏ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲੈਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਜਿਸ ਤੋਂ ਬਾਅਦ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਅਤੇ ਆਪ ਦੇ ਵਿਧਾਇਕ ਪੰਜਾਬ ਲੋਕ ਕਾਂਗਰਸ ਜਾਂ ਭਾਜਪਾ ਵਿੱਚ ਜਾ ਸਕਦੇ ਹਨ।