ਚੰਡੀਗੜ੍ਹ:ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ ਸ਼ਾਮ 5 ਵਜੇ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਲ ਕਰਨਗੇ। ਇਸ ਮੰਤਰੀ ਮੰਡਲ ਦੇ ਵਿਸਥਾਰ ਨਾਲ ਮਾਨ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੁੱਲ 15 ਮੰਤਰੀ ਹੋ ਜਾਣਗੇ। ਜਦੋਂਕਿ ਪੰਜਾਬ ਵਿੱਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਗਿਣਤੀ 18 ਹੋ ਸਕਦੀ ਹੈ।
ਇਹ ਵੀ ਪੜੋ:ਦਰਿਆ ਦੀ ਮਾਰ ਹੇਠ ਕਿਸਾਨਾਂ ਦੀ ਫਸਲ, ਕਈ ਏਕੜ ਡੁੱਬੀ ਫਸਲ
5 ਨਵੇਂ ਮੰਤਰੀਆਂ ਨੂੰ ਚੁਕਾਈ ਜਾਵੇਗੀ ਸਹੁੰ: ਰਾਜ ਭਵਨ ਵਿੱਚ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਸੂਤਰਾਂ ਅਨੁਸਾਰ ਇਹ 5 ਵਿਧਾਇਕ ਪੰਜਾਬ ਸਰਕਾਰ ਵਿੱਚ ਮੰਤਰੀ ਬਣ ਸਕਦੇ ਹਨ। ਇਹਨਾਂ ਵਿੱਚ ਵਿਧਾਇਕ ਅਮਨ ਅਰੋੜਾ, ਵਿਧਾਇਕਾ ਅਨਮੋਲ ਗਗਨ ਮਾਨ, ਵਿਧਾਇਕ ਚੇਤਨ ਸਿੰਘ ਜੌੜੇਮਾਜਰਾ, ਵਿਧਾਇਕ ਡਾ. ਇੰਦਰਬੀਰ ਨਿੱਝਰ ਅਤੇ ਵਿਧਾਇਕ ਫੌਜਾ ਸਿੰਘ ਸਰਾਰੀ ਦਾ ਨਾਂ ਤੈਅ ਕੀਤਾ ਹੈ। ਇਸ ਤੋਂ ਇਲਾਵਾ 5 ਨਵੇਂ ਮੰਤਰੀਆਂ ਦੇ ਨਾਂ ਸਾਹਮਣੇ ਆਉਂਦੇ ਹੀ ਲਾਬਿੰਗ ਜਾਰੀ ਹੋ ਗਈ ਹੈ। ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ, ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂੰਕੇ ਅਤੇ ਬੁਢਲਾਡਾ ਤੋਂ ਵਿਧਾਇਕ ਬੁੱਧਰਾਮ ਵੀ ਕੀਤੇ ਨਾ ਕੀਤੇ ਦੌੜ ਵਿੱਚ ਹਨ।
ਅਨਮੋਲ ਗਗਨ ਮਾਨ: ਪੰਜਾਬੀ ਗਾਇਕ ਅਨਮੋਲ ਗਗਨ ਮਾਨ ਦਾ ਨਾਂ ਵੀ ਮੰਤਰੀਆਂ ਦੀ ਲੀਸਟ ਵਿੱਚ ਲਗਭਗ ਤੈਅ ਹੈ। ਦੱਸ ਦਈਏ ਕਿ ਅਨਮੋਲ ਗਗਨ ਮਾਨ ਆਪ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਹ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਅਮਨ ਅਰੋੜਾ:ਦੱਸ ਦਈਏ ਕਿ ਨਵੇਂ ਮੰਤਰੀਆਂ ਵਿੱਚ ਜਿਸ ਨਾਂ ਦੀ ਵਧੇਰੇ ਚਰਚਾ ਹੈ ਉਹ ਹੈ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ। ਅਮਨ ਅਰੋੜਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ 75 ਹਜ਼ਾਰ ਵੋਟਾਂ ਨਾਲ ਵੱਡੀ ਲੀਡ ਨਾਲ ਜਿੱਤੇ ਹਨ। ਸੰਗਰੂਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਪਾਰਟੀ ’ਤੇ ਦਬਾਅ ਵਧ ਗਿਆ ਹੈ, ਜਿਸ ਕਾਰਨ ਅਮਨ ਅਰੋੜਾ ਦਾ ਨਾਂ ਲਗਭਗ ਤੈਅ ਹੈ।