ਚੰਡੀਗੜ੍ਹ: ਖਜ਼ਾਨਾ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਭਵਨ ਵਿਖੇ ਇੱਕ ਸਮਾਗਮ ਦੌਰਾਨ ਦੋ ਜੀ.ਆਈ.ਐਸ (ਭੂਗੋਲਿਕ ਸੂਚਨਾ ਸਿਸਟਮ) ਵੈੱਬ ਪੋਰਟਲਾਂ ਦੀ ਸ਼ੁਰੂਆਤ ਕੀਤੀ। ਇਹ ਸਮਾਗਮ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਆਰਥਿਕ ਅਤੇ ਅੰਕੜਾ ਸੰਗਠਨ (ਈਐਸਓ), ਵਲੋਂ ਭਾਸਕਾਚਾਰੀਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਜ਼ ਅਤੇ ਜੀਓ-ਇਨਫਰਮੇਟਿਕਸ (ਬੀ.ਆਈ.ਐਸ.ਏ.ਜੀ), ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀਵਾਈ) ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦੋ ਵਿਸ਼ੇਸ਼ ਵੈੱਬ ਪੋਰਟਲਾਂ ਦੀ ਕੀਤੀ ਸ਼ੁਰੂਆਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ‘ਪੰਜਾਬ ਜੀ.ਆਈ.ਐਸ’ ਅਤੇ ‘ਵਿਲੇਜ ਜੀ.ਆਈ.ਐਸ’ ਨਾਂਅ ਦੇ ਵੈੱਬ ਪੋਰਟਲ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਪ੍ਰਸਾਸ਼ਨ ਅਤੇ ਲੋਕ ਪੱਖੀ ਸੇਵਾਵਾਂ ਦੇਣ ਵਿੱਚ ਲਾਭਕਾਰੀ ਹੋਣਗੇ। ਉਨਾਂ ਕਿਹਾ ਕਿ ਇਨਾਂ ਦੀ ਵਰਤੋਂ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਵੀ ਵਾਧਾ ਹੋਵੇਗਾ ਕਿਉਂ ਕਿ ਵੱਖ-ਵੱਖ ਸਕੀਮਾਂ ਬਣਾਉਣ ਵਿੱਚ ਇਨਾਂ ਵੈੱਬ ਪੋਰਟਲਾਂ ਤੋਂ ਲਿਆ ਡਾਟਾ ਸਕਾਰਾਤਮਕ ਭੂਮਿਕਾ ਅਦਾ ਕਰੇਗਾ।
ਉਨ੍ਹਾਂ ਦੱਸਿਆ ਕਿ ਇਹ ਪੋਰਟਲ ਈਐਸਓ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ‘ਤੇ ਪਾਈ ਗਈ ਜਾਣਕਾਰੀ ਜ਼ਮੀਨੀ ਪੱਧਰ ‘ਤੇ ਪਿੰਡਾਂ ਦੀ ਵਿਆਪਕ ਯੋਜਨਾਬੰਦੀ ਅਤੇ ਵਿਕਾਸ ਲਈ ਸਹਾਈ ਹੋਵੇਗੀ। ਪੋਰਟਲ ਵਿੱਚ ਰਾਜ ਸਰਕਾਰ ਦੇ ਪ੍ਰਮੁੱਖ ਵਿਭਾਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ, ਨਹਿਰੀ, ਜਨਗਣਨਾ, ਸਿੱਖਿਆ, ਸਿਹਤ, ਸੇਵਾ ਕੇਂਦਰ, ਐਮ.ਪੀ.ਐਲ.ਏ.ਡੀ, ਸੈਰ ਸਪਾਟਾ ਅਤੇ ਜਲ ਸਰੋਤ ਵਿਭਾਗਾਂ ਦੀ ਜਾਣਕਾਰੀ ਸ਼ਾਮਲ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਨਾਲ ਜ਼ਮੀਨੀ ਪੱਧਰ ‘ਤੇ ਫੈਸਲੇ ਲੈਣ ਵਿੱਚ ਮਦਦ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਵਿਭਾਗਾਂ ਦੀ ਜਾਣਕਾਰੀ ਜੀ.ਆਈ.ਐਸ ਦੇ ਪਹਿਲੇ ਪੜਾਅ ਵਿੱਚ ਸ਼ਾਮਲ ਕਰ ਲਈ ਗਈ ਹੈ। ਉਨਾਂ ਨੇ ਇਨ੍ਹਾਂ ਦੋਵੇਂ ਪੋਰਟਲ ‘ਪੰਜਾਬ ਜੀ.ਆਈ.ਐਸ’ ਅਤੇ ‘ਵਿਲੇਜ ਜੀ.ਆਈ.ਐਸ’ ਤੋਂ ਸੂਬੇ ਵਿੱਚ ਯੋਜਨਾਬੰਦੀ ਦੇ ਉਦੇਸ਼ਾਂ ਲਈ ਕਾਫ਼ੀ ਲਾਹੇਬੰਦ ਸਾਬਤ ਹੋਣ ਦੀ ਉਮੀਦ ਜਤਾਈ।
ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਐਮ.ਐਲ ਸ਼ਰਮਾ ਨੇ ਕਿਹਾ ਕਿ ਭੂਗੋਲਿਕ ਜਾਣਕਾਰੀ ਪ੍ਰਣਾਲੀ (ਜੀ.ਆਈ.ਐਸ) ਨੀਤੀਗਤ ਢਾਂਚੇ ਅਤੇ ਰੋਜ਼ਮਰਾ ਦੀ ਯੋਜਨਾਬੰਦੀ ਲਈ ਪ੍ਰਭਾਵਸ਼ਾਲੀ ਫੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨਾਂ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਕੁਦਰਤੀ, ਸਮਾਜਕ, ਸਭਿਆਚਾਰਕ ਭਿੰਨਤਾਵਾਂ ਨੂੰ ਸਮਝਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਰੂਪ ਰੇਖਾ ਤਿਆਰ ਕਰਨ ਲਈ ਇੱਕ ਸ਼ਾਨਦਾਰ ਉੱਦਮ ਹੈ।
ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਕੌਮੀ ਈ-ਗਵਰਨੈੱਸ ਡਿਵੀਜ਼ਨ ਦੇ ਪ੍ਰੈਜ਼ੀਡੈੱਟ ਅਤੇ ਸੀ.ਈ.ਓ ਅਭਿਸ਼ੇਕ ਸਿੰਘ ਅਤੇ ਬਿਸਾਗ-ਐਨ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਡਾਇਰੈਕਟਰ ਜਨਰਲ ਡਾ. ਟੀ.ਪੀ ਸਿੰਘ ਨੇ ਜੀ.ਆਈ.ਐਸ ਡਾਟਾਬੇਸ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਰਥਿਕ ਅਤੇ ਅੰਕੜਾ ਸੰਗਠਨ ਦੇ ਸੰਯੁਕਤ ਡਾਇਰੈਕਟਰ ਹਰਵਿੰਦਰ ਸਿੰਘ ਅਤੇ ਪ੍ਰੋਜੈਕਟ ਲੀਡਰ ਡਾ. ਆਰ.ਕੇ.ਸੇਤੀਆ ਨੇ ਇਨਾਂ ਵੈੱਬ ਪੋਰਟਲਾਂ ਦੀ ਸ਼ੁਰੂਆਤ ਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ ਕਿਉਂਕਿ ਉਨ੍ਹਾਂ ਮੁਤਾਬਕ ਇਹ ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ।