ਚੰਡੀਗੜ੍ਹ: ਵਿੱਤ ਵਿਭਾਗ ਵੱਲੋਂ 6 ਮਾਰਚ 2020 ਤੱਕ ਦੇ ਜਨਰਲ ਪ੍ਰੋਵੀਡੈਂਟ ਫੰਡ (ਜੀ.ਪੀ.ਐਫ.) ਅਤੇ ਕਰਮਚਾਰੀਆਂ ਦੇ ਐਡਵਾਂਸਿਜ਼ ਤੋਂ ਇਲਾਵਾ ਸਾਰੀਆਂ ਕੇਂਦਰੀ ਸਪਾਂਸਰ ਸਕੀਮਾਂ ਲਈ 745 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਮਵਾਰ ਨੂੰ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 6 ਮਾਰਚ ਤੱਕ ਅੰਤਿਮ ਜੀ.ਪੀ.ਐਫ. ਸਮੇਤ ਸੇਵਾਮੁਕਤੀ ਲਾਭਾਂ ਅਤੇ ਲੀਵ ਇਨਕੈਸ਼ਮੈਂਟ ਲਈ 311 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਤੋਂ ਇਲਾਵਾ ਕਰਮਚਾਰੀਆਂ ਨੂੰ ਜੀ.ਪੀ.ਐਫ. ਦੇ ਐਡਵਾਂਸਿਜ਼ ਦੀ ਅਦਾਇਗੀ ਲਈ 95 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ 6 ਮਾਰਚ ਤੱਕ ਸਾਰੀਆਂ ਕੇਂਦਰੀ ਸਪਾਂਸਰ ਸਕੀਮਾਂ ਜਿਵੇਂ ਅਮਰੁਤ, ਸਮਗ੍ਰਾ ਸਿੱਖਿਆ ਅਭਿਆਨ, ਸਵੱਛ ਭਾਰਤ ਮਿਸ਼ਨ (ਸ਼ਹਿਰੀ), ਮਿਡ-ਡੇਅ ਮੀਲ ਪ੍ਰੋਗਰਾਮ, ਕੇਂਦਰੀ ਸੜਕ ਫੰਡ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ, ਮਗਨਰੇਗਾ, ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ, ਹਰੀ ਕ੍ਰਾਂਤੀ ਤੋਂ ਇਲਾਵਾ ਨਾਬਾਰਡ, ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਲਈ 275 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਖੇਲੋ ਇੰਡੀਆ ਵਿੰਟਰ ਗੇਮਜ਼: ਸਨੋ ਰਗਬੀ 'ਚ ਜੰਮੂ-ਕਸ਼ਮੀਰ ਟੀਮ ਨੂੰ ਹਰਾ ਫਾਈਨਲ 'ਚ ਪੁੱਜੀ ਪੰਜਾਬ ਦੀ ਟੀਮ
ਇਸ ਦੇ ਨਾਲ ਹੀ 6 ਮਾਰਚ 2020 ਤੱਕ ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ/ਬਿਜਲੀ, ਵਸਤਾਂ ਦੀ ਸਪਲਾਈ, ਦਫ਼ਤਰੀ ਖਰਚਿਆਂ, ਮਸ਼ੀਨਰੀ ਉਪਕਰਣਾਂ, ਯਾਤਰਾ ਭੱਤਾ ਆਦਿ ਲਈ 64 ਕਰੋੜ ਰੁਪਏ ਜਾਰੀ ਕੀਤੇ ਗਏ ਹਨ।