ਚੰਡੀਗੜ੍ਹ: ਸੂਬੇ ਵਿੱਚ ਸਕੂਲ ਪ੍ਰਬੰਧਕ ਤੇ ਬੱਚਿਆਂ ਦੇ ਮਾਪੇ ਆਹਮੋ-ਸਾਹਮਣੇ ਆ ਗਏ ਹਨ। ਜਿੱਥੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤਾਂ ਉੱਥੇ ਹੀ ਹੁਣ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਕੋਰਟ ਦਾ ਰੁਖ ਕੀਤਾ ਗਿਆ ਹੈ।
ਫ਼ੀਸ ਵਿਵਾਦ, ਸਿੱਖਿਆ ਮੰਤਰੀ ਨੇ ਮਾਪਿਆਂ ਅਤੇ ਸਕੂਲ ਮੈਨੇਜਮੈਂਟ ਨਾਲ ਕੀਤੀ ਬੈਠਕ
ਪ੍ਰਾਈਵੇਟ ਸਕੂਲਾਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਫ਼ੀਸ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਬੈਠਕ ਕੀਤੀ।
ਇਸ ਨੂੰ ਲੈ ਕੇ ਪੰਜਾਬ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਵਕੀਲ ਅਤੁੱਲ ਨੰਦਾ ਦੀ ਮੌਜੂਦਗੀ ਵਿੱਚ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਅਤੇ ਬੱਚਿਆਂ ਦੇ ਮਾਪਿਆਂ ਨਾਲ ਬੈਠਕ ਹੋਈ। ਬੇ-ਨਤੀਜਾ ਰਹੀ ਇਸ ਬੈਠਕ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਉਹ ਸਕੂਲ ਬੰਦ ਕਰਨ ਨੂੰ ਵੀ ਤਿਆਰ ਹਨ ਪਰ ਉਹ ਆਪਣੇ ਸਕੂਲ ਦੇ ਬਿਜਲੀ ਟ੍ਰਾਂਸਪੋਰਟੇਸ਼ਨ ਅਤੇ ਅਧਿਆਪਕਾਂ ਦੀ ਤਨਖ਼ਾਹਾਂ ਸਣੇ ਆਨਲਾਈਨ ਕਲਾਸ 'ਤੇ ਆਉਂਦਾ ਖ਼ਰਚ ਜ਼ਰੂਰ ਲੈਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਹੋਰ ਰਾਹ ਹੀ ਨਹੀਂ ਹੈ।
ਉੱਥੇ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਦੇ ਵਕੀਲ ਬਾਗੜੀ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਛੋਟੇ ਬੱਚਿਆਂ ਦੇ ਮਾਪਿਆਂ ਉੱਪਰ ਫਾਲਤੂ ਦਾ ਬੋਝ ਨਹੀਂ ਪੈਣ ਦੇਣਗੇ। ਵਕੀਲ ਨੇ ਇੱਥੋਂ ਤੱਕ ਕਿਹਾ ਕਿ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੂੰ ਆਨਲਾਈਨ ਕਲਾਸਾਂ ਦੇ ਵਿੱਚ ਕੁਝ ਸਮਝ ਤੱਕ ਨਹੀਂ ਆ ਰਿਹਾ, ਨਾ ਹੀ ਕਿਸੇ ਨੂੰ ਆਨਲਾਈਨ ਮੋਬਾਇਲ ਚਲਾਉਣੇ ਆਉਂਦੇ ਹਨ ਤਾਂ ਉਹ ਪੜ੍ਹਾਈ ਕਿਵੇਂ ਕਰ ਲੈਣਗੇ।