ਮੋਹਾਲੀ: ਸੰਯੁਕਤ ਕਿਸਾਨ ਮੋਰਚੇ ਦਾ ਚੰਡੀਗੜ੍ਹ ਬਾਰਡਰ ਵਿਖੇ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਆਪਣੀ ਅਗਲੀ ਰਣਨੀਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਵੱਲੋਂ ਮੋਹਾਲੀ ਦੇ ਗੁਰਦੁਆਰਾ ਦੇ ਅੰਬ ਸਾਹਿਬ ਵਿਖੇ ਮੀਟਿੰਗ ਕੀਤੀ ਗਈ।
12 ਵਜੇ ਕਿਸਾਨਾਂ ਦੀ ਸੀਐੱਮ ਨਾਲ ਮੀਟਿੰਗ: ਦੱਸ ਦਈਏ ਕਿ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਸੀਐੱਮ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਦੇ ਲਈ ਸੱਦਾ ਆ ਗਿਆ ਹੈ। ਸੀਐੱਮ ਮਾਨ ਨੇ ਉਨ੍ਹਾਂ ਨੂੰ 12 ਵਜੇ ਮੁਲਾਕਾਤ ਦੇ ਲਈ ਬੁਲਾਇਆ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਕਿਸਾਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਦੇ ਨਾਲ ਸੀਐੱਮ ਮਾਨ ਦੀ ਮੀਟਿੰਗ ਨਹੀਂ ਹੁੰਦੀ ਤਾਂ ਉਨ੍ਹਾਂ ਦੀ ਅਗਲੀ ਰਣਨੀਤੀ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਜਾਵੇਗਾ।
'ਮੈ ਗੱਲ ਕਰਨ ਨੂੰ ਤਿਆਰ':ਬੀਤੇ ਦਿਨ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਦਿੱਲੀ ਤੋਂ ਆਉਂਦੇ ਹੀ ਕਿਹਾ ਕਿ ਉਹ ਕਿਸਾਨਾਂ ਨੂੰ ਮਿਲਣ ਲਈ ਤਿਆਰ ਹਨ ਪਰ ਮੁਰਦਾਬਾਦ ਦਾ ਨਾਅਰਾ ਲਗਾਉਣਾ ਸਹੀ ਤਰੀਕਾ ਨਹੀਂ ਹੈ। ਉਹ ਖੁਦ ਵੀ ਕਿਸਾਨ ਦੇ ਪੁੱਤਰ ਹਨ। ਜਦੋਂ ਉਹ ਕਹਿ ਰਹੇ ਹਨ ਕਿ ਬਾਸਮਤੀ ਅਤੇ ਮੂੰਗੀ ਦਾਲ ਐਮਐਸਪੀ ’ਤੇ ਹੋਵੇਗੀ। ਘੱਟੋ ਘੱਟ ਕੋਸ਼ਿਸ਼ਾਂ ਕਰੋ। ਸਭ ਕੁਝ ਮੁਰਦਾਬਾਦ ਨਹੀਂ ਹੋ ਸਕਦਾ ਹੈ।
ਕਾਂਗਰਸ ਪ੍ਰਧਾਨ ਨੇ ਸਾਧੇ ਸੀਐੱਮ ’ਤੇ ਨਿਸ਼ਾਨੇ:ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਜੀ ਕਿਸਾਨ ਦੇ ਪੁੱਤ ਹੋ ਤਾਂ ਕਿਸਾਨਾਂ ਦੇ ਲਈ ਸੋਚੋ। ਕਿਸਾਨਾਂ ਨੂੰ ਰਾਤ ਕਹੇ ਇਹ ਸ਼ਬਦ “ਗੱਲ-ਬਾਤ ਦਾ ਤਰੀਕਾ ਮੁਰਦਾਬਾਦ ਨਹੀਂ”ਇਹ ਤੁਹਾਡੇ ਨਹੀਂ ਲੱਗਦੇ, ਇੰਝ ਲੱਗਦੇ ਕੱਲ੍ਹ ਦੀ ਕੁੱਝ ਕੁ ਘੰਟੇ ਦਿੱਲੀ ਦੀ ਯਾਤਰਾ ਨੇ ਤੁਹਾਡੇ ਸ਼ਬਦ ਬਦਲ ਦਿੱਤੇ।
ਪੱਕੇ ਧਰਨੇ ਦੀ ਪੂਰੀ ਤਿਆਰੀ:ਕਾਬਿਲੇਗੌਰ ਹੈ ਕਿ ਬੀਤੇ ਦਿਨ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਪੱਕੇ ਧਰਨੇ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ।