ਚੰਡੀਗੜ੍ਹ : ਦੇਸ਼ ਭਰ ਵਿੱਚ ਦਲਿਤਾਂ ਨਾਲ ਜੁੜੇ ਮਾਮਲਿਆਂ ਦੇ ਤਕਰੀਬਨ 67 ਹਜ਼ਾਰ ਮਾਮਲੇ ਵਿਚਾਰਅਧੀਨ ਪਏ ਹਨ, ਜਿਨ੍ਹਾਂ ਵਿੱਚੋਂ 5 ਹਜ਼ਾਰ ਦੇ ਕਰੀਬ ਪੰਜਾਬ ਨਾਲ ਸਬੰਧਤ ਹਨ। ਇਸ ਦਾ ਖੁਲਾਸਾ ਖੁਦ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕੀਤਾ। ਵਿਜੇ ਸਾਂਪਲਾ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸੇ ਮਹੀਨੇ ਹੀ ਉਨ੍ਹਾਂ ਨੇ ਆਪਣਾ ਚਾਰਜ ਸਾਂਭਿਆ ਅਤੇ ਜਾਣ ਕੇ ਬੜੀ ਹੈਰਾਨੀ ਹੋਈ ਕਿ ਇੰਨੀ ਵੱਡੀ ਤਾਦਾਦ ਵਿੱਚ ਕੇਸ ਵਿਚਾਰਅਧੀਨ ਪਏ ਹਨ। ਇਸਦਾ ਵੱਡਾ ਕਾਰਨ ਸਟਾਫ਼ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਅਗਲੇ ਡੇਢ ਮਹੀਨੇ ਵਿੱਚ ਕੋਸ਼ਿਸ਼ ਹੋਵੇਗੀ ਇਸ ਖੜੋਤ ਨੂੰ ਖ਼ਤਮ ਕੀਤਾ ਜਾਵੇ ।
ਕਿਸਾਨ, ਦਲਿਤਾਂ ਦੇ ਹੱਕਾਂ 'ਚ ਪਾ ਰਹੇ ਹਨ ਰੁਕਾਵਟ: ਵਿਜੇ ਸਾਂਪਲਾ ਵਿਜੇ ਸਾਂਪਲਾ ਨੇ ਕਿਹਾ ਕਿ ਕੋਈ ਵੀ ਸਕੂਲ ਜਾਂ ਕਾਲਜ ਕਿਸੇ ਵੀ ਐਸਸੀ ਵਿਦਿਆਰਥੀਆਂ ਦਾ ਸਰਟੀਫਿਕੇਟ ਨਹੀਂ ਰੋਕ ਸਕਦਾ ਅਤੇ ਨਾ ਹੀ ਕੋਈ ਕਿਸੇ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਥਾਂ ਤੇ ਧੱਕਾ ਹੁੰਦਾ ਹੈ ਤਾਂ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਕਈ ਥਾਵਾਂ 'ਤੇ ਵਿਜੇ ਸਾਂਪਲਾ ਦਾ ਰਸਤਾ ਰੋਕੇ ਜਾਣ ਦੇ ਮੁੱਦੇ 'ਤੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਖ਼ੁਦ ਨੂੰ ਕਿਸਾਨ ਮੰਨਦੇ ਹੋਏ ਉਨ੍ਹਾਂ ਦਾ ਰਸਤਾ ਰੋਕਦੇ ਹਨ ਉਹ ਐਸਸੀ ਜਾਤੀ ਦੇ ਹਿੱਤਾਂ ਵਿੱਚ ਰੁਕਾਵਟ ਬਣ ਰਹੇ ਹਨ। ਇਸ ਉੱਪਰ ਡੀਜੀਪੀ ਚੀਫ਼ ਸਕੱਤਰ ਅਤੇ ਖੁਦ ਕਿਸਾਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ।