ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ (Agricultural law) ਨੂੰ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ-ਗਾਜ਼ੀਪੁਰ ਸਰਹੱਦ ਸਮੇਤ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਬੰਗਾਲ ਦੀ ਤਰਜ਼ ‘ਤੇ ਕਿਸਾਨ ਆਗੂ ਹੁਣ ਉੱਤਰ ਪ੍ਰਦੇਸ਼ (Uttar Pradesh) ਵਿੱਚ ਵੀ ਸੱਤਾਧਾਰੀ ਪਾਰਟੀ ਦੇ ਵਿਰੁੱਧ ਰਣਨੀਤੀ ਤਿਆਰ ਕਰ ਰਹੇ ਹਨ।
ਮਿਸ਼ਨ ਯੂਪੀ ਦੀ ਸ਼ੁਰੂਆਤ
ਬੰਗਾਲ (Bengal) ਵਿੱਚ, ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ, ਕਿਸਾਨ ਆਗੂਆਂ ਨੇ ਲੋਕਾਂ ਨੂੰ ਮਹਾਪੰਚਾਇਤ (Mahapanchayat) ਕਰਵਾ ਕੇ ਭਾਜਪਾ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ, ਜਿਸਦਾ ਪ੍ਰਭਾਵ ਚੋਣ ਨਤੀਜਿਆਂ ਵਿੱਚ ਵੇਖਿਆ ਗਿਆ। ਕਿਸਾਨ ਆਗੂਆਂ ਨੇ ਇਸ ਨੂੰ ਮਿਸ਼ਨ ਬੰਗਾਲ ਦਾ ਨਾਂ ਦਿੱਤਾ ਸੀ। ਮਿਸ਼ਨ ਬੰਗਾਲ ਦੀ ਤਰਜ਼ 'ਤੇ ਹੁਣ ਕਿਸਾਨ ਆਗੂ "ਮਿਸ਼ਨ ਯੂਪੀ" ਸ਼ੁਰੂ ਕਰਨ ਜਾ ਰਹੇ ਹਨ।
5 ਸਤੰਬਰ ਨੂੰ ਕੀਤੀ ਜਾਵੇਗੀ ਮਹਾਪੰਚਾਇਤ
ਕਿਸਾਨ ਆਗੂ ਰਾਕੇਸ਼ ਟਿਕੈਤ ਅਨੁਸਾਰ ਮਿਸ਼ਨ ਯੂਪੀ ਮੁਜ਼ੱਫਰਨਗਰ ਤੋਂ ਸ਼ੁਰੂ ਹੋਵੇਗਾ ਜਿਸ ਨੂੰ ਕਿਸਾਨਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਜੀਆਈਸੀ ਗਰਾਊਂਡ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨ ਸ਼ਾਮਿਲ ਹੋਣਗੇ। ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਅਧੀਨ 40 ਕਿਸਾਨ ਜਥੇਬੰਦੀਆਂ ਇਸ ਵੇਲੇ ਮਹਾਪੰਚਾਇਤ ਨੂੰ ਸਫਲ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ।