ਚੰਡੀਗੜ੍ਹ: ਬਠਿੰਡਾ ਦੇ ਬੰਦ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਦੇ ਬਾਹਰ ਥਰਮਲ ਨੂੰ ਬੰਦ ਕੀਤੇ ਜਾਣ ਵਿਰੁੱਧ ਕਿਸਾਨ ਜੋਗਿੰਦਰ ਸਿੰਘ ਨੇ ਜ਼ਹਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਨੂੰ ਲੈ ਕੇ ਵਿਰੋਧੀ ਧਿਰ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਦੱਸ ਰਹੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੱਥੇ 'ਤੇ ਕਲੰਕ ਕਰਾਰ ਦਿੱਤਾ ਹੈ।
ਜਿੰਦ ਕੁਰਬਾਨ ਦੀ ਤਖ਼ਤੀ ਫੜ ਕੇ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨਾ ਕੈਪਟਨ ਦੇ ਮੱਥੇ ਦੇ ਬਹੁਤੇ ਵੱਡਾ ਕਲੰਕ:ਚੀਮਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵੇਰ ਦੇ ਸਮੇਂ ਜ਼ਿਲ੍ਹਾ ਸੰਗਰੂਰ ਦੀ ਚੀਮਾ ਮੰਡੀ ਦੇ ਇੱਕ ਕਿਸਾਨ ਵੱਲੋਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ‘ਚ ਪਲਾਂਟ ਦੇ ਗੇਟ ਅੱਗੇ ਖ਼ੁਦਕੁਸ਼ੀ ਕਰ ਲੈਣ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚਿਹਰਾ ਜਨਤਕ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ 2017 ਦੀਆਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਉਹ ਬਠਿੰਡਾ ਦੇ ਥਰਮਲ ਪਲਾਂਟ ਨੇ ਬੰਦ ਨਹੀਂ ਹੋਣ ਦੇਣਗੇ, ਪ੍ਰੰਤੂ ਅਫ਼ਸੋਸ ਕਿ ਚੋਣਾਂ ਜਿੱਤਣ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਮਾਰੂ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਨ੍ਹਾਂ ਦਾ ਨਤੀਜਾ ਹੀ ਹੈ ਕਿ ਅੱਜ ਥਰਮਲ ਪਲਾਂਟ ਕੈਪਟਨ ਅਮਰਿੰਦਰ ਸਿੰਘ ਦੀ ਮਾਰੂ ਨੀਤੀਆਂ ਦੀ ਭੇਂਟ ਚੜ ਗਿਆ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਹਾਲਾਤ ਅਜਿਹੇ ਪੈਦਾ ਹੋ ਗਏ ਹਨ ਕਿ ਕੈਪਟਨ ਵੱਲੋਂ ਕੀਤੇ ਜਾ ਰਹੇ ਲੋਕ ਮਾਰੂ ਫ਼ੈਸਲਿਆਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਆਪਣੀ ਕੀਮਤੀ ਜਾਨਾਂ ਗੁਆਣੀ ਪੈ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਥਰਮਲ ਪਲਾਂਟ ਦੇ ਅੱਗੇ ਇੱਕ ਕਿਸਾਨ ਨੇ ਥਰਮਲ ਪਲਾਂਟ ਦੇ ਬੰਦ ਹੋਣ ਦੇ ਵਿਰੋਧ ਵਿਚ ਆਪਣੀ ਜਾਨ ਦੇ ਦਿੱਤੀ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 2005-2014 ਦਰਮਿਆਨ ਬਠਿੰਡਾ ਥਰਮਲ ਪਲਾਂਟਾਂ ਦੇ ਯੂਨਿਟਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਅਪਗ੍ਰੇਡੇਸ਼ਨ ਲਈ 734 ਕਰੋੜ ਰੁਪਏ ਖ਼ਰਚੇ ਗਏ ਸਨ। ਅਰਬਾਂ ਰੁਪਏ ਖ਼ਰਚ ਕੇ 2014 ‘ਚ ਜੋ ਆਖ਼ਰੀ ਯੂਨਿਟ ਅਪਗ੍ਰੇਡ ਕੀਤਾ ਗਿਆ ਸੀ। ਉਸ ਨੂੰ 100 ਘੰਟੇ ਚੱਲਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ, ਜਦਕਿ ਕੌਮੀ ਬਿਜਲੀ ਅਥਾਰਿਟੀ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2030-31 ਤੱਕ ਸੀ।
ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਸਰਕਾਰ ਨੇ ਜੇਕਰ ਥਰਮਲ ਪਲਾਂਟ ਪੱਕੇ ਤੌਰ ‘ਤੇ ਬੰਦ ਕਰਨ ਵਾਲਾ ਮੰਦਭਾਗਾ ਫ਼ੈਸਲਾ ਲੈ ਹੀ ਲਿਆ ਹੈ ਤਾਂ ਇਹ ਜ਼ਮੀਨਾਂ ਉਨ੍ਹਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿੰਨਾ ਤੋਂ 1969 ‘ਚ ਥਰਮਲ ਪਲਾਂਟ ਲਈ ਲਈਆਂ ਗਈਆਂ ਸਨ।