ਚੰਡੀਗੜ੍ਹ: ਐਤਵਾਰ ਨੂੰ ਹਿਸਾਰ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਵਿੱਚ ਸੂਬੇ ਭਰ ਦੇ ਕਿਸਾਨ ਸੜਕਾਂ ‘ਤੇ ਉਤਰ ਆਏ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਕਹਿਣ ‘ਤੇ ਹਰਿਆਣਾ ਦੇ ਕਿਸਾਨਾਂ ਨੇ ਸਾਰੇ ਰਾਜ ਮਾਰਗਾਂ ਨੂੰ 2 ਘੰਟਿਆਂ ਲਈ ਜਾਮ ਕਰ ਦਿੱਤਾ। ਕਿਸਾਨਾਂ ਨੇ ਹਾਈਵੇ 'ਤੇ ਬੈਠ ਕੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ। ਪਾਣੀਪਤ 'ਚ ਜੀ.ਟੀ. ਰੋਡ 'ਤੇ, ਜੀਂਦ ਦੇ ਜੀਂਦ-ਪਟਿਆਲਾ ਹਾਈਵੇਅ 'ਤੇ ਸਥਿਤ ਖਟਕੜ ਪਿੰਡ 'ਚ, ਕਰਨਾਲ 'ਚ ਕਰਨਾਲ-ਚੰਡੀਗੜ੍ਹ ਕੌਮੀ ਰਾਜਮਾਰਗ, ਕਰਨਾਲ-ਅਸੰਧ ਰਾਜਮਾਰਗ ਬੰਦ ਕਰ ਦਿੱਤੇ ਗਏ।
ਕੁਰੂਕਸ਼ੇਤਰ
ਸ਼ਾਹਬਾਦ 'ਚ ਕਿਸਾਨਾਂ ਨੇ ਹਿਸਾਰ ਵਿੱਚ ਹੋਏ ਲਾਠੀਚਾਰਜ ਦੇ ਵਿਰੋਧ ਕਾਰਨ ਜੀਟੀ ਰੋਡ ਨੂੰ 2 ਘੰਟੇ ਜਾਮ ਕਰ ਦਿੱਤਾ। ਬੀਕੇਯੂ ਦੇ ਪ੍ਰਦੇਸ਼ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਭਲਕੇ ਸੂਬੇ ਭਰ ਦੇ ਥਾਣਿਆਂ ਦਾ ਵੀ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪ੍ਰੋਗਰਾਮ ਆਨ ਲਾਈਨ ਹੋ ਰਹੇ ਹਨ ਤਾਂ ਮੁੱਖ ਮੰਤਰੀ ਨੂੰ ਵੀ ਹਿਸਾਰ ਦਾ ਪ੍ਰੋਗਰਾਮ ਆਨ ਲਾਈਨ ਕਰਨਾ ਚਾਹੀਦਾ ਸੀ।
ਕਰਨਾਲ
ਕਰਨਾਲ ਵਿਚ ਕਿਸਾਨਾਂ ਨੇ ਬਾਸਤਾਡਾ ਟੋਲ ਪਲਾਜ਼ਾ 'ਤੇ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤੇ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਟੋਲ ਪਲਾਜ਼ਾ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਜੇਕਰ ਨਜ਼ਰਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਦਰਸ਼ਨ ਕਰਨਗੇ।