ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਲ ਕਿਲ੍ਹੇ ਦੀ ਹਿੰਸਕ ਘਟਨਾ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਸਿਰ ਮੜ੍ਹਨ ਦੀ ਘਿਨਾਉਣੀ ਅਤੇ ਨਿਰਾਸ਼ਾਜਨਕ ਕੋਸ਼ਿਸ਼ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ 'ਤੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੂੰ ਸਪੱਸ਼ਟ ਤੌਰ 'ਤੇ ਜਾਵੇੜਕਰ ਦੀ ਆਪਣੀ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਭੜਕਾਇਆ ਸੀ ਜਦਕਿ ਇਸ ਸਮੁੱਚੇ ਘਟਨਾਕ੍ਰਮ ਵਿੱਚ ਕਾਂਗਰਸ ਤਾਂ ਕਿਧਰੇ ਵੀ ਨਹੀਂ ਸੀ।
ਜਾਵੜੇਕਰ ਵੱਲੋਂ ਕਾਂਗਰਸ ਪਾਰਟੀ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਲਾਏ ਗਏ ਬੇਬੁਨਿਆਦ ਦੋਸ਼ਾਂ ਦਾ ਸਖ਼ਤ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,''ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾਉਂਦੇ ਸਮੇਂ ਕੈਮਰੇ ਵਿੱਚ ਕੈਦ ਹੋਏ ਚਿਹਰੇ ਕਾਂਗਰਸ ਦੇ ਨਹੀਂ ਸਗੋਂ ਭਾਜਪਾ ਅਤੇ ਆਪ ਦੇ ਵਰਕਰਾਂ ਅਤੇ ਸਮਰਥਕਾਂ ਦੇ ਹਨ।'' ਕੈਪਟਨ ਅਮਰਿੰਦਰ ਸਿੰਘ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਦਿੱਲੀ ਪੁਲੀਸ ਨੇ ਭਾਜਪਾਈ ਸੰਸਦ ਮੈਂਬਰ ਸਨੀ ਦਿਓਲ ਦੇ ਨਜ਼ਦੀਕੀ ਦੀਪ ਸਿੱਧੂ ਨੂੰ ਹਿੰਸਾ ਲਈ ਭੜਕਾਉਣ ਵਾਲਿਆਂ ਵਿੱਚੋਂ ਇਕ ਵਜੋਂ ਨਾਮਜ਼ਦ ਕੀਤਾ ਹੈ ਅਤੇ ਆਪ ਦਾ ਮੈਂਬਰ ਅਮਰੀਕ ਮਿੱਕੀ ਵੀ ਹਿੰਸਾ ਵਾਲੀ ਥਾਂ 'ਤੇ ਹਾਜ਼ਰ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਕਿਸਮ ਦੀ ਅਰਾਜਕਤਾ ਵਿੱਚ ਲਾਲ ਕਿਲ੍ਹੇ 'ਤੇ ਕਾਂਗਰਸ ਦਾ ਇਕ ਵੀ ਲੀਡਰ ਜਾਂ ਵਰਕਰ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ 26 ਜਨਵਰੀ ਨੂੰ ਵਾਪਰੀ ਇਸ ਘਟਨਾ ਲਈ ਕਿਸਾਨ ਵੀ ਜ਼ਿੰਮੇਵਾਰ ਨਹੀਂ ਹਨ ਅਤੇ ਬਿਨਾਂ ਸ਼ੱਕ ਸਮਾਜ ਵਿਰੋਧੀ ਤੱਤਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਜਿਨ੍ਹਾਂ ਨੇ ਟਰੈਕਟਰ ਰੈਲੀ ਵਿੱਚ ਘੁਸਪੈਠ ਕਰ ਲਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਇੱਥੋਂ ਤੱਕ ਕਿ ਕਿਸੇ ਤੀਜੇ ਮੁਲਕ, ਜਿਸ ਬਾਰੇ ਭਾਜਪਾ ਦੇ ਲੀਡਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ, ਦੀ ਸੰਭਾਵੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲੇ ਅਤੇ ਅਸਲ ਕਿਸਾਨਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਜਾਂ ਬਦਨਾਮ ਨਾ ਕੀਤਾ ਜਾਵੇ।