ਪੰਜਾਬ

punjab

ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਦਾ ਪਰਦਾਫ਼ਾਸ਼

By

Published : Mar 10, 2021, 4:35 PM IST

ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਦਾ ਪਰਦਾਫ਼ਾਸ਼ ਕੀਤਾ ਹੈ।

Ayushman Bharat Yojana
Ayushman Bharat Yojana

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ (ਆਯੁਸ਼ਮਾਨ ਭਾਰਤ) ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਂਅ ਹੇਠ ਫਰਜ਼ੀ ਡਾਕਟਰੀ ਬਿੱਲਾਂ ਦਾ ਪਰਦਾਫਾਸ਼ ਕੀਤਾ ਹੈ। ਫਰਜ਼ੀ ਬਿਲਾਂ ਰਾਹੀਂ ਪ੍ਰਤੀਪੂਰਤੀ ਦੇ ਕਲੇਮਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਕੇ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ।

ਘੁਟਾਲੇ ਦੀ ਹਰ ਪੱਖ ਤੋਂ ਕੀਤੀ ਗਈ ਡੂੰਘਾਈ ਨਾਲ ਜਾਂਚ

ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਦਾ ਪਰਦਾਫ਼ਾਸ਼

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਤੇ ਡੀਜੀਪੀ ਬੀ.ਕੇ.ਉੱਪਲ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਚੱਲ ਰਹੇ ਇਸ ਘੁਟਾਲੇ ਦੀ ਹਰ ਪੱਖ ਤੋਂ ਡੂੰਘਾਈ ਤੱਕ ਜਾਂਚ ਕਰਨ ਇੱਕ ਵਿਜੀਲੈਂਸ ਇੰਕੁਆਰੀ ਦਰਜ ਕੀਤੀ ਗਈ ਹੈ, ਤਾਂ ਜੋ ਇਸ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਵੱਡੀ ਘਪਲੇਬਾਜ਼ੀ ਕਰਕੇ ਆਪਣੇ ਆਪ ਨੂੰ ਵਿੱਤੀ ਲਾਭ ਪਹੁੰਚਾਉਣ ਸਬੰਧੀ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ, ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਰੱਦ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ।

ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਨਾਮੀਂ ਹਸਪਤਾਲ ਸ਼ਾਮਲ

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਇਕੱਤਰ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਆਯੁਸ਼ਮਾਨ ਭਾਰਤ ਸਕੀਮ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਵੱਡੇ ਨਾਮੀ-ਗਰਾਮੀ ਹਸਪਤਾਲਾਂ ਵੱਲੋਂ ਸਮਾਰਟ ਸਿਹਤ ਕਾਰਡ ਧਾਰਕਾਂ ਦੇ ਨਾਮ ’ਤੇ ਮੋਟੀਆਂ ਰਕਮਾਂ ਦੇ ਫਰਜ਼ੀ ਡਾਕਟਰੀ ਬਿੱਲ ਤਿਆਰ ਕਰਕੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰਕੇ ਬੀਮਾ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇੰਨਾਂ ਤਿੰਨ ਜ਼ਿਲ੍ਹਿਆਂ ਵਿੱਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਅਧੀਨ ਰਾਜ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਨ।

ਇਸ ਤਰ੍ਹਾਂ ਹਾਸਲ ਕੀਤੇ ਗਏ ਝੂਠੇ ਕਲੇਮ

ਉੱਪਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਇੱਕ ਨਾਮੀ ਹਸਪਤਾਲ ਨੇ ਇਸ ਸਾਲ ਦੌਰਾਨ ਕਰੀਬ 1,282 ਵਿਅਕਤੀਆਂ ਦੇ ਇਲਾਜ ਲਈ ਕੁੱਲ 4,43,98,450 ਰੁਪਏ ਦਾ ਬੀਮਾ ਕਲੇਮ ਕੀਤਾ ਗਿਆ ਜਿਸ ਵਿੱਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ ਵਿੱਚੋਂ ਕੁੱਲ 4,23,48,050 ਰੁਪਏ ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਹਨ।

ਪਾਸ ਹੋਈ ਇਸ ਰਾਸ਼ੀ 4,43,98,450 ਰੁਪਏ ਵਿੱਚੋਂ ਹੁਣ ਤੱਕ 1,86,59,150 ਰੁਪਏ ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ ‘ਇਫਕੋ ਟੋਕੀਓ’ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ। ਪੜ੍ਹਤਾਲ ਅਧੀਨ ਉਨ੍ਹਾਂ ਦੱਸਿਆ ਕਿ ਇਸ ਨਾਮੀ ਹਸਪਤਾਲ ਵਲੋਂ ਉੱਕਤ ਯੋਜਨਾ ਤਹਿਤ ਇਕ ਮਰੀਜ ਦੇ ਇਲਾਜ ਦੇ ਬਦਲੇ ਉਸ ਦੇ ਪਰਿਵਾਰ ਦੇ ਹੋਰ ਵਿਅਕਤੀਆਂ ਦਾ ਦਾਖਲਾ ਹਸਪਤਾਲ ਵਿੱਚ ਦਿਖਾ ਕੇ ਝੂਠੇ ਬੀਮਾ ਕਲੇਮ ਹਾਸਲ ਕੀਤੇ ਗਏ ਹਨ।

ਕੀ ਹੈ ਆਯੁਸ਼ਮਾਨ ਭਾਰਤ ਯੋਜਨਾ

20 ਅਗਸਤ 2019 ਨੂੰ ਸ਼ੂਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਗਰੀਬ/ਲੋੜਵੰਦ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਇਸ ਯੋਜਨਾ ਲਈ 60 ਫ਼ੀਸਦੀ ਅਤੇ ਸੂਬਾ ਸਰਕਾਰਾਂ ਵੱਲੋਂ 40 ਫ਼ੀਸਦੀ ਵਿੱਤੀ ਸਹਾਇਤਾ ਵਜੋਂ ਬਤੌਰ ਪ੍ਰੀਮੀਅਮ ਇਫਕੋ ਟੋਕੀਓ ਕੰਪਨੀ ਨੂੰ ਦਿੱਤੀ ਜਾਂਦੀ ਹੈ।

ਪੰਜਾਬ ਸੂਬੇ ਵਿੱਚ ਇਹ ਯੋਜਨਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਚੱਲ ਰਹੀ ਹੈ ਜਿਸ ਅਨੁਸਾਰ ਲਗਭਗ 1000 ਰੁਪਏ ਦੀ ਰਕਮ ਰਾਜ ਸਰਕਾਰ ਵਲੋਂ ਬਤੌਰ ਪ੍ਰੀਮੀਅਮ ਪ੍ਰਤੀ ਪਰਿਵਾਰ ਇਸ ਬੀਮਾ ਕੰਪਨੀ ਨੂੰ ਸਲਾਨਾ ਅਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਗਰੀਬ/ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਸਮਾਰਟ ਕਾਰਡ ਰਾਹੀਂ ਉੁਸ ਵਿਅਕਤੀ ਨੂੰ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਜੇਕਰ ਕੋਈ ਗੰਭੀਰ ਬਿਮਾਰੀ ਹੋ ਜਾਂਦੀ ਹੈ, ਤਾਂ ਉਹ ਇਸ ਸਕੀਮ ਅਧੀਨ ਹਸਪਤਾਲ ਦਾਖਲ ਹੋ ਕੇ 5,00,000 ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦਾ ਹੈ। ਇਸ ਯੋਜਨਾ ਦੀ ਨਿਗਰਾਨੀ ਸਟੇਟ ਹੈਲਥ ਅਥਾਰਟੀ, ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕਰ ਰਿਹਾ ਹੈ।

ABOUT THE AUTHOR

...view details