ਚੰਡੀਗੜ੍ਹ: ਪੰਜਾਬ ਦੇ ਸ਼ਹਿਰਾਂ ਵਿੱਚ ਵਸਨੀਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਅਤੇ ਸ਼ਹਿਰਾਂ ਦੇ ਸਰਵ ਵਿਆਪਕ ਵਿਕਾਸ ਲਈ ਵੱਡੇ ਸ਼ਹਿਰਾਂ ਦੀਆਂ ਵਿਕਾਸ ਅਥਾਰਟੀਆਂ ਨਾਲ ਵਿਸਥਾਰਤ ਮੀਟਿੰਗਾਂ ਕਰਨ ਦੇ ਸਿਲਸਿਲੇ ਵਜੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਪੁੱਡਾ, ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਜਲੰਧਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਏਜੰਡੇ ਨੂੰ ਅੱਗੇ ਤੋਰਦਿਆਂ ਮੀਟਿੰਗ ਦੌਰਾਨ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰਤ/ਰਜਿਸਟਰਡ ਕਲੋਨੀਆਂ ਦੇ ਵਸਨੀਕਾਂ ਨੂੰ ਕਾਨੂੰਨ ਮੁਤਾਬਕ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਕੋਈ ਵੀ ਸ਼ਹਿਰ ਵਾਸੀ ਕਿਸੇ ਸੇਵਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵਿਭਾਗ ਦੇ ਕੰਮ ਦੀ ਸਮੀਖਿਆ ਕਰਦਿਆਂ ਇਹ ਆਦੇਸ਼ ਦਿੱਤੇ ਕਿ ਸ਼ਹਿਰੀ ਵਿਕਾਸ ਲਈ ਵੱਡੇ ਪੱਧਰ ਉਤੇ ਪ੍ਰਸ਼ਾਸਕੀ ਸੁਧਾਰ ਕਰਨ ਲਈ ਇਕ ਵਿਆਪਕ ਖਾਕਾ ਉਲੀਕਿਆ ਜਾਵੇ ਤਾਂ ਜੋ ਪੰਜਾਬ ਦੇ ਸ਼ਹਿਰ ਦੇਸ਼ ਭਰ ਵਿੱਚ ਮਾਡਲ ਸ਼ਹਿਰ ਨਜ਼ਰ ਆਉਣ।
ਮੀਟਿੰਗ ਦੌਰਾਨ ਸ੍ਰੀ ਅਰੋੜਾ ਦੇ ਧਿਆਨ ਵਿੱਚ ਮਾਮਲਾ ਆਇਆ ਹੈ ਕਿ ਅੰਮ੍ਰਿਤਸਰ ਵਿੱਚ ਰਜਿਸਟਰਡ ਕਲੋਨੀਆਂ ਅੰਦਰ ਰਜਿਸਟਰੀਆਂ ਬੰਦ ਪਈਆਂ ਹਨ ਜਿਸ ਉਤੇ ਉਨ੍ਹਾਂ ਉਦਾਰਵਾਦੀ ਰੁਖ ਅਪਣਾਉਂਦਿਆਂ ਇਹ ਰਜਿਸਟਰੀਆਂ ਖੋਲ੍ਹਣ ਦਾ ਫੈਸਲਾ ਕੀਤਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਅਣ-ਅਧਿਕਾਰਤ ਕਲੋਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।