ਚੰਡੀਗੜ੍ਹ: ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮ ਕਰਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਇਸ ਦੇ ਤਹਿਤ ਉਨ੍ਹਾਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸੈਕਟਰ 17 ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਭੁੱਖ ਹੜਤਾਲ ਉੱਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਤਨਖਾਹ ਕਮਿਸ਼ਨ ਵੱਲੋਂ 28 ਫਰਵਰੀ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜਾਣੀ ਸੀ ਜੋ ਕਿ ਨਹੀਂ ਕੀਤੀ ਗਈ ਅਤੇ ਹੁਣ ਨਵੀਂ ਰਿਪੋਰਟ ਕੇਵਲ ਇੱਕ ਲਾਰਾ ਬਣ ਕੇ ਰਹਿ ਗਈ ਜਾਪਦੀ ਹੈ।
ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਲਈ ਛੇਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਸੀ ਜਿਸ ਲਈ ਸਰਕਾਰ ਵੱਲੋਂ ਰਿਟਾਇਰਡ ਆਈਏਐਸ ਅਫ਼ਸਰ ਨੂੰ ਚੇਅਰਮੈਨ ਵੀ ਨਿਯੁਕਤ ਕੀਤਾ ਸੀ ਪਰ ਅਜੇ ਤੱਕ ਉਸ ਉੱਪਰ ਕੁਝ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਡੀਏ ਦੀਆਂ ਕਿਸ਼ਤਾਂ ਵੀ ਸਰਕਾਰ ਰੋਕੀ ਬੈਠੀ ਹੈ।
ਉਨ੍ਹਾਂ ਨੇ ਸਰਕਾਰ ਉੱਤੇ ਆਰੋਪ ਲਾਇਆ ਕਿ ਸਰਕਾਰ ਪੁਰਨ ਗਠਨ ਕਰਨ ਦੇ ਨਾਂਅ ਉੱਤੇ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਰਹੀ ਹੈ ਜਿਸ ਦਾ ਸਮਾਜ ਦੇ ਆਮ ਵਰਗ ਨੂੰ ਵੱਡਾ ਖਾਮਿਆਜ਼ਾ ਭੁਗਤਨਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਪੂਰੇ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਸਰਕਾਰ ਨੂੰ ਘੇਰਿਆ ਜਾਵੇਗਾ ਤਾਂ ਜੋ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਉੱਤੇ ਸਰਕਾਰ ਕੁਝ ਗੌਰ ਕਰੇ।