ਚੰਡੀਗੜ੍ਹ: ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਾਮਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਿੱਥੇ ਵਿਰੋਧੀ ਕਾਂਗਰਸ ਨੂੰ ਘੇਰ ਰਹੇ ਹਨ, ਉੱਥੇ ਹੀ ਹੁਣ ਦਲਿਤ ਆਗੂ ਵੀ ਕਾਂਗਰਸ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੇ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਇੱਕ ਵਾਰ ਫੇਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਦੂਲੋਂ ਨੇ ਕੈਪਟਨ ਨੂੰ ਲਿਖੀ ਚਿੱਠੀ ਇਸ ਬਾਬਤ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੁੰਦੇ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ ਆਖ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ ਸਨ। ਹੁਣ ਖ਼ੁਦ ਮਾਫ਼ੀਆ ਰਾਜ ਚਲਾ ਰਹੀ ਹੈ।
ਉਨ੍ਹਾਂ ਕਿਹਾ ਪੰਜਾਬ 'ਚ ਹੋਏ ਦੋ ਵੱਡੇ ਘਪਲਿਆਂ 'ਚ ਦਤਿਲ ਭਾਈਚਾਰੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਪਹਿਲਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੀ ਦਲਿਤ ਲੋਕਾਂ ਦੀ ਮੌਤਾਂ ਹੋਈਆਂ ਹਨ ਤੇ ਹੁਣ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦਾ ਘੁਟਾਲਾ ਵੀ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ 2018 ਵਿੱਚ ਕੈਗ ਦੀ ਰਿਪੋਰਟ ਦੇ ਵਿੱਚ ਹੋਏ ਖੁਲਾਸੇ ਵਿੱਚ ਜਿੱਥੇ ਕੇਂਦਰ ਸਰਕਾਰ ਨੇ ਅਕਾਲੀ ਦਲ ਵੱਲੋਂ ਘੁਟਾਲੇ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਕਾਂਗਰਸ ਸਰਕਾਰ ਦੇ ਵਜ਼ੀਰ ਤੇ ਵਿਧਾਇਕ ਸਰਕਾਰ ਬਣਨ ਤੋਂ ਪਹਿਲਾਂ ਸਟੇਜਾਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਿਆਂ ਬਾਬਤ ਬਿਆਨਬਾਜ਼ੀ ਕਰਦੇ ਰਹੇ ਸਨ।
ਸ਼ਮਸ਼ੇਰ ਦੂਲੋਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ 9 ਤੋਂ ਦਸ ਲੱਖ ਦਲਿਤ ਬੱਚਿਆਂ ਦਾ ਭਵਿੱਖ ਖਰਾਬ ਹੋ ਗਿਆ ਤੇ ਇਸ ਸਾਲ ਇੱਕ ਲੱਖ 25 ਹਜ਼ਾਰ ਵਿਦਿਆਰਥੀ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ। ਸ਼ਮਸ਼ੇਰ ਦੂਲੋਂ ਨੇ ਈਟੀਵੀ ਭਾਰਤ ਨੂੰ ਰਾਜ ਸਭਾ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ ਸਵਾਲ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ 43 ਸਵਾਲ ਪੁੱਛੇ ਗਏ ਸਨ ਤੇ ਕੇਂਦਰੀ ਵਜ਼ੀਰ ਨੇ ਖੁਦ ਮੰਨਿਆ ਕਿ ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੋਟਾਲਾ ਹੋਇਆ ਹੈ।