ਚੰਡੀਗੜ੍ਹ: ਹਰਿਆਣਾ ਦੇ ਸੋਨੀਪਤ 'ਚ ਹਾਦਸੇ 'ਚ ਮਾਰੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਪੋਸਟਮਾਰਟਮ ਹੋ ਗਿਆ ਹੈ। ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਸ ਦਾ ਪੋਸਟਮਾਰਟਮ ਸੋਨੀਪਤ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ।
ਮੀਡੀਆ 'ਚ ਚਰਚਾ, ਦੀਪ ਦੀ ਕਾਰ ਵਿੱਚੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ
ਪੋਸਟਮਾਰਟਮ ਦੌਰਾਨ ਐਸਪੀ ਰਾਹੁਲ ਸ਼ਰਮਾ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਸਨ। ਜਾਂਚ ਤੋਂ ਬਾਅਦ ਐਸਪੀ ਨੇ ਦੱਸਿਆ ਕਿ ਦੀਪ ਸਿੱਧੂ ਦੀ ਕਾਰ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਦੀਪ ਸਿੱਧੂ ਨੇ ਹਾਦਸੇ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ? ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਾਪਦਾ ਹੈ। ਫਿਲਹਾਲ ਪੁਲਿਸ ਨੇ ਦੀਪ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਅਣਪਛਾਤੇ ਟਰੱਕ ਚਾਲਕ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡਰਾਈਵਰ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਤਲ ਜਾਂ ਹਾਦਸਾ ?
ਦੀਪ ਸਿੱਧੂ ਦੀ ਅਚਾਨਕ ਹੋਈ ਮੌਤ ਕਾਰਨ ਪੰਜਾਬ ਵਿੱਚ ਵੀ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਹੈ। ਵੱਡਾ ਸਵਾਲ ਇਹ ਹੈ ਕਿ ਕੀ ਦੀਪ ਸਿੱਧੂ ਦੀ ਹਾਦਸੇ ਵਿੱਚ ਮੌਤ ਹੋਈ ਸੀ ਜਾਂ ਉਸ ਦਾ ਕਤਲ ਹੋਇਆ ਸੀ? ਉਹ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਰਿਹਾ ਸੀ। ਉਸ ਨੂੰ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਇਸ ਮਾਮਲੇ ਵਿੱਚ ਦੀਪ ਸਿੱਧੂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਦੋਂ ਡੀਐਸਪੀ ਨੂੰ ਪੁੱਛਿਆ ਗਿਆ ਕਿ ਕੀ ਇਸ ਕਤਲ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਕੋਈ ਸਾਜ਼ਿਸ਼ ਹੋ ਸਕਦੀ ਹੈ ਪਰ ਹੁਣ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਤਲ ਦੇ ਪਹਿਲੂ ਤੋਂ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
'ਟਰੱਕ ਚਾਲਕ ਵੱਲੋਂ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ'
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੀਪ ਸਿੱਧੂ ਦੇ ਭਰਾ ਮਨਦੀਪ ਨੇ ਦੱਸਿਆ ਕਿ ਇਹ ਹਾਦਸਾ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ 'ਤੇ ਪਿਪਲੀ ਟੋਲ ਨਾਕੇ ਨੇੜੇ ਮੰਗਲਵਾਰ ਰਾਤ ਨੂੰ ਵਾਪਰਿਆ। ਦੀਪ ਸਿੱਧੂ ਆਪਣੀ ਅਮਰੀਕਨ ਪ੍ਰੇਮਿਕਾ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਪਰਿਵਾਰ ਵਾਲੇ ਉਸ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਕਿਸੇ ਅਣਜਾਣ ਨੰਬਰ ਤੋਂ ਉਸ ਦੇ ਪਿਤਾ ਦੇ ਫੋਨ 'ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਹੈ। ਉਹ ਅਤੇ ਇਕ ਔਰਤ ਗੰਭੀਰ ਜ਼ਖਮੀ ਹਨ। ਫੋਨ ਕਰਨ ਵਾਲੇ ਨੇ ਉਸ ਨੂੰ ਹਾਦਸੇ 'ਚ ਜ਼ਖਮੀ ਹੋਈ ਰੀਨਾ ਨਾਲ ਗੱਲ ਕਰਨ ਲਈ ਬੁਲਾਇਆ।
ਇਹ ਵੀ ਪੜ੍ਹੋ:ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ, ਸਿੰਘੂ ਬਾਰਡਰ ਨੇੜੇ KMP 'ਤੇ ਵਾਪਰਿਆ ਹਾਦਸਾ