ਚੰਡੀਗੜ੍ਹ: ਪੈਟਰੋਲ-ਡੀਜ਼ਲ (Petrol-diesel) ਦੀਆਂ ਵੱਧ ਰਹੀਆਂ ਕੀਮਤਾਂ 'ਤੇ ਕੇਂਦਰ ਸਰਕਾਰ (Central Government) ਵਲੋਂ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਵਲੋਂ ਪੈਟਰੋਲ 'ਤੇ ਵੈਟ ਘੱਟ ਕੀਤਾ ਜਾਵੇ, ਜਿਸ 'ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ (Cabinet Minister Dr. Raj Kumar Verka) ਵਲੋਂ ਕਿਹਾ ਗਿਆ ਹੈ ਕਿ ਵਿਧਾਨ ਸਭਾ (Vidhan Sabha) ਦਾ 8 ਨਵੰਬਰ ਨੂੰ ਸੈਸ਼ਨ ਬੁਲਾਇਆ ਜਾ ਰਿਹਾ ਹੈ, ਜਿਸ ਵਿਚ ਪੈਟਰੋਲ 'ਤੇ ਸੂਬਾ ਸਰਕਾਰ ਵਲੋਂ ਵੈਟ ਘੱਟ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਇਸ 'ਤੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ ਅਤੇ ਸੁਖਬੀਰ ਬਾਦਲ 'ਤੇ ਹਮਲਾ ਬੋਲਿਆ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਸਰਕਾਰ ਦੀਆਂ ਸਿਫਤਾਂ ਕੀਤੀਆਂ ਅਤੇ ਕਿਹਾ ਕਿ ਚੰਨੀ ਸਰਕਾਰ ਵਲੋਂ ਲੋਕ ਹਿੱਤ ਕੰਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਹਾਈ ਕਮਾਨ ਵਲੋਂ 18 ਨੁਕਤਿਆਂ ਵਿਚੋਂ 14 ਨੁਕਤਿਆਂ 'ਤੇ ਸਾਡੀ ਸਰਕਾਰ ਕੰਮ ਕਰ ਚੁੱਕੀ ਹੈ, ਜਦੋਂਕਿ ਬਾਕੀ ਰਹਿੰਦੇ 4 ਨੁਕਤਿਆਂ 'ਤੇ ਵੀ ਸੂਬਾ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀਆਂ ਦੇ ਰੇਟ ਵੀ ਅੱਧੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਮਾਲਕੀ ਦੇ ਹੱਕ ਦੇ ਦਿੱਤੇ ਗਏ ਹਨ ਅਤੇ ਮਕਾਨਾਂ ਦੀਆਂ ਰਜਿਸਟਰੀਆਂ ਕਰਕੇ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 30 ਲੱਖ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਿਆ ਹੈ, ਜਦੋਂਕਿ 70 ਲੱਖ ਲੋਕਾਂ ਨੂੰ ਬਿਜਲੀ ਵਿਚ ਫਾਇਦਾ ਪਹੁੰਚਿਆ ਹੈ। ਇਸ ਤੋਂ ਇਲਾਵਾ 40 ਹਜ਼ਾਰ ਵਪਾਰੀਆਂ ਵੈਟ ਵਿਚ ਰਿਲੀਫ ਦੇ ਦਿੱਤੀ ਹੈ।
ਸੁਖਬੀਰ ਬਾਦਲ 'ਤੇ ਡਾ. ਰਾਜ ਕੁਮਾਰ ਵੇਰਕਾ ਨੇ ਕੱਸਿਆ ਤੰਜ
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਡਿਪਟੀ ਸੀ.ਐੱਮ. ਦਲਿਤ ਚਿਹਰੇ ਨੂੰ ਬਣਾਉਣਗੇ ਜਦੋਂ ਕਿ ਕਾਂਗਰਸ ਪਾਰਟੀ ਵਲੋਂ ਤਾਂ ਸੀ.ਐੱਮ. ਹੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਰੌਲਾ ਪਾਉਣ ਵਾਲੇ ਹਨ ਜਦੋਂ ਕਿ ਕੰਮ ਕਰਨ ਵਾਲੀ ਕਾਂਗਰਸ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਲ ਦੀ ਮੀਟਿੰਗ ਵਿਚ ਵੀ ਸੂਬਾ ਸਰਕਾਰ ਵਲੋਂ ਲੋਕ ਹਿੱਤ ਵਿਚ ਫੈਸਲੇ ਲਏ ਜਾਣਗੇ। ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਡਾ. ਵੇਰਕਾ ਨੇ ਕਿਹਾ ਕਿ ਇਹ ਹੈਲਦੀ ਡਿਸਕਸ਼ਨ ਹੈ, ਜੋ ਸਾਡੇ ਪ੍ਰਧਾਨ ਸਾਨੂੰ ਕਹਿਣਗੇ ਅਸੀਂ ਉਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ।