ਚੰਡੀਗੜ੍ਹ: ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਐਮਐਲਏ ਹੋਸਟਲ ਵਿਖੇ ਕੋਰੋਨਾ ਟੈਸਟ ਕਰਵਾਇਆ। ਇਸ ਮਗਰੋਂ ਧਰਮਸੋਤ ਨੇ ਵਿਰੋਧੀਆਂ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਜਵਾਬ ਦਿੱਤਾ।
ਧਰਮਸੋਤ ਨੇ ਕਿਹਾ ਕਿ ਜੋ ਵਿਰੋਧੀ ਇੱਕ ਦਿਨ ਤੋਂ ਵੱਧ ਦੇ ਸੈਸ਼ਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਪਹਿਲਾਂ ਸੂਬੇ ਦੇ ਹਾਲਾਤ ਦੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇੱਕ ਦਿਨ ਦਾ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ।
'ਸੈਸ਼ਨ ਦੀ ਮਿਆਦ 'ਚ ਵਾਧੇ ਦੀ ਮੰਗ ਕਰ ਰਹੇ ਵਿਰੋਧੀ ਹਾਲਾਤ ਸਮਝਣ' ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਕ ਸਾਰੇ ਵਿਧਾਇਕ ਕੋਰੋਨਾ ਟੈਸਟ ਕਰਵਾ ਰਹੇ ਹਨ। ਜੇਕਰ ਕਿਸੇ ਦਾ ਟੈਸਟ ਪੌਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਹ ਇਜਲਾਸ ਵਿੱਚ ਸ਼ਾਮਲ ਨਹੀਂ ਹੋਵੇਗਾ।
ਕੋਰੋਨਾ ਟੈਸਟ ਕਰਵਾਉਣ ਆਏ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੀ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੀ ਸਥਿਤੀ ਨੂੰ ਸਮਝਣਾ ਚਾਹੀਦਾ। ਵਿਧਾਇਕ ਨੇ ਕਿਹਾ ਕਿ ਇੱਕ ਦਿਨ ਦੇ ਸੈਸ਼ਨ ਵਿੱਚ 2 ਸੀਟਿੰਗ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਵੀ ਤਾਂ ਸੱਦਿਆ ਗਿਆ ਹੈ ਕਿਉਂਕਿ 6 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਕਰਾਉਣਾ ਲਾਜ਼ਮੀ ਹੁੰਦਾ ਹੈ ਤੇ ਅਗਲੇ ਹੋਣ ਵਾਲੇ ਸੈਸ਼ਨ ਦੇ ਵਿੱਚ ਵਿਰੋਧੀ ਵੀ ਆਪਣੀ ਗੱਲ ਰੱਖ ਲੈਣ ਤੇ ਸਰਕਾਰ ਵੀ ਆਪਣਾ ਰੁਖ ਸਪੱਸ਼ਟ ਕਰੇਗੀ।