ਚੰਡੀਗੜ੍ਹ: ਜੰਮੂ 'ਚ ਡਰੋਨਾਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਬੇਸ 'ਤੇ ਆਈ.ਈ.ਡੀ. ਸੁੱਟਣ ਦੀ ਘਟਨਾ ਤੋਂ ਅਗਲੇ ਦਿਨ ਹੀ, ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਬਾਰਡਰ ਸਿਕਿਓਰਿਟੀ ਫੋਰਸ (ਬੀ.ਐੱਸ.ਐੱਫ) ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਰਣਨੀਤੀ ਤਿਆਰ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ।
ਡਰੋਨਾਂ ਦੀ ਗਤੀਵਿਧੀਆਂ ਦੇ ਚੱਲਦਿਆਂ ਡੀਜੀਪੀ ਪੰਜਾਬ ਨੇ ਕੀਤੀ ਸਮੀਖਿਆ ਮੀਟਿੰਗ ਡੀਜੀਪੀ ਨੇ ਅਧਿਕਾਰੀਆਂ ਨੂੰ ਡਰੋਨ ਦੀਆਂ ਗਤੀਵਿਧੀਆਂ ਵਾਲੇ ਖੇਤਰਾਂ ਵਿੱਚ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਰਹੱਦੀ ਪਿੰਡਾਂ ਦੀਆਂ ਸੜਕਾਂ 'ਤੇ ਇਨਫਰਾਰੈੱਡ ਬੰਦ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਦੀ ਤਜਵੀਜ਼ ਪੇਸ਼ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਖੇਤਰਾਂ/ਸੜਕਾਂ 'ਤੇ ਕੈਮਰੇ ਲਗਾਉਣ ਲਈ ਸੰਭਵ ਪੁਆਇੰਟਾਂ ਦੀ ਸੂਚੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਸੀ.ਪੀ ਅੰਮ੍ਰਿਤਸਰ ਅਤੇ ਐੱਸਐੱਸਪੀ ਨੂੰ ਆਪਣੇ ਖੇਤਰਾਂ ਵਿੱਚ ਨਸ਼ਾ ਤਸਕਰਾਂ/ਸਪਲਾਇਰ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਗੁਪਤਾ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਦੇ ਜਿਆਦਾ ਵਰਤੋਂ ਵਾਲੇ ਸਥਾਨਾਂ ਦੀ ਪਛਾਣ ਕਰਨ ਲਈ ਢੁਕਵੀਂ ਕਾਰਵਾਈ ਆਰੰਭ ਕਰਨ ਅਤੇ ਨਸ਼ਿਆਂ ਨੂੰ ਵੇਚਣ/ਤਸਕਰੀ ਕਰਨ ਵਾਲੇ ਸਾਰੇ ਲੋਕਾਂ ‘ਤੇ ਸ਼ਿਕੰਜਾ ਕੱਸਿਆ ਜਾਵੇ।
ਇਸ ਦੌਰਾਨ, ਡੀਜੀਪੀ ਨੇ ਜ਼ਿਲ੍ਹਾ ਮੁਖੀਆਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਾਰੇ ਭਗੋੜੇ(ਪੀਓਜ਼), ਅਤੇ ਐਨ.ਡੀ.ਪੀ.ਐਸ ਕੇਸਾਂ ਵਿੱਚ ਜ਼ਮਾਨਤ ’ਤੇ ਬਾਹਰ ਆਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੇ ਆਦੇਸ਼ ਵੀ ਦਿੱਤੇ।
ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿੱਚ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, ਏਡੀਜੀਪੀ ਐੱਸਟੀਐੱਫ ਬੀ. ਚੰਦਰਸ਼ੇਖਰ ਅਤੇ ਆਈਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ, ਜਦੋਂ ਕਿ ਆਈਜੀ ਬੀਐੱਸਐੱਫ ਮਹੀਪਾਲ ਯਾਦਵ ਅਤੇ ਪੰਜਾਬ ਦੇ ਵੱਖ-ਵੱਖ ਬੀਐੱਸਐੱਫ ਸੈਕਟਰਾਂ ਦੇ ਡੀਆਈਜੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੀ.ਪੀ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਐੱਸਐੱਸਪੀ ਮਜੀਠਾ ਗੁਲਨੀਤ ਸਿੰਘ ਅਤੇ ਐੱਸਐੱਸਪੀ ਤਰਨ ਤਾਰਨ ਧੁੰਮਣ ਨਿੰਬਲੇ ਵੀ ਮੀਟਿੰਗ ਵਿੱਚ ਹਾਜਰ ਸਨ।
ਇਹ ਵੀ ਪੜ੍ਹੋ:ਵਿਧਾਇਕ ਜੋਗਿੰਦਰ ਪਾਲ ਨੇ 2022 ਲਈ ਖੁਦ ਨੂੰ ਮੁੜ ਦੱਸਿਆ ਉਮੀਦਵਾਰ