ਚੰਡੀਗੜ੍ਹ: ਕੋਵਿਡ-19 ਦੇ ਲਗਾਤਾਰ ਵਧਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸਦੇ ਚੱਲਦੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸਦੇ ਚੱਲਦੇ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਚਾਲਾਨ ਵੀ ਕੱਟਿਆ ਜਾ ਰਿਹਾ ਹੈ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧ ’ਚ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ 6531 ਚਲਾਨ ਕੱਟਿਆ ਹੈ ਅਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਡੀਜੀਪੀ ਨੇ 2 ਮਈ ਤੋਂ 4 ਮਈ, 2021 ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਨੇ ਕੋਵਿਡ-੍19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿ਼ਲਾਫ਼ 560 ਦੇ ਕਰੀਬ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਮਾਮਲਿਆਂ ’ਚ ਹੋਟਲ, ਮੈਰਿਜ ਪੈਲੇਸ, ਰੈਸਟੋਰੈਂਟ, ਦੁਕਾਨਾਂ ਆਦਿ ਦੇ ਮਾਲਕ ਸ਼ਾਮਲ ਹਨ।
ਇਸ ਤੋਂ ਇਲਾਵਾ ਕੋਵਿਡ-19 ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ 66000 ਤੋਂ ਵੱਧ ਵਿਅਕਤੀਆਂ ਦਾ ਆਰਟੀਪੀਸੀਆਰ ਟੈਸਟ ਵੀ ਕਰਵਾਇਆ ਗਿਆ ਹੈ। 19 ਮਾਰਚ 2021 ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਪੁਲਿਸ ਨੇ 6.9 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਇਲਾਵਾ ਸੂਬੇ ਭਰ ਦੇ 1 ਲੱਖ ਲੋਕਾਂ ਨੂੰ ਫੇਸ ਮਾਸਕ ਨਾ ਪਾਉਣ ਲਈ ਜੁਰਮਾਨਾ ਕੀਤਾ।
ਪ੍ਰਮੁੱਖ ਅਦਾਰਿਆਂ ਖਿ਼ਲਾਫ਼ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਰੈਸਟੋਰੈਂਟ ਅਰੇਬੀਅਨ ਕਬਾਬ ਅਤੇ ਮਾਸਟਰ ਬਰਗਰ ਨੇੇ ਰਾਤ ਦੇ ਕਰਫਿਊ ਦੌਰਾਨ ਸਮੇਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ । ਇਸ ਤੋਂ ਇਲਵਾ ਪੈਟ੍ਰੋਲ ਪੰਪ ਮਾਲਕਾਂ ਖਿ਼ਲਾਫ਼ ਵੀ ਕੇਸ ਦਰਜ ਕੀਤਾ ਹੈ ਜਿੱਥੇ ਜਿ਼ਆਦਾਤਰ ਕਰਮਚਾਰੀ ਬਿਨਾਂ ਮਾਸਕ ਦੇ ਅਤੇ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ ਪਾਏ ਗਏ ਸਨ।