ਚੰਡੀਗੜ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਕੋਵਿਡ-19 ਡਿਊਟੀ 'ਤੇ ਲੱਗੇ ਪੁਲਸ ਕਰਮੀਆਂ ਲਈ ਕਈ ਸੁਰੱਖਿਆ ਅਤੇ ਭਲਾਈ ਉਪਾਵਾਂ ਦੀ ਘੋਸ਼ਣਾ ਕੀਤੀ। ਡੀਜੀਪੀ ਨੇ 55 ਸਾਲ ਤੋਂ ਵੱਧ ਉਮਰ ਦੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਜਾਂ ਡਾਕਟਰੀ ਇਲਾਜ ਅਧੀਨ ਮੁਲਾਜ਼ਮਾਂ ਨੂੰ ਤਾਇਨਾਤ ਨਾ ਕਰਨ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਨੇ ਮੂਹਰਲੀ ਕਤਾਰ ਵਿੱਚ ਡਟੇ ਪੁਲਿਸ ਕਰਮੀਆਂ ਦੀ ਹਫ਼ਤਾਵਾਰੀ ਛੁੱਟੀ/ਆਰਾਮ ਦੇ ਦਿਨਾਂ ਦਾ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ। ਡੀਜੀਪੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਹਦਾਇਤ ਕੀਤੀ ਕਿ ਉਹ ਮੂਹਰਲੀ ਕਤਾਰ ਵਿੱਚ ਡਟੇ ਪੁਲਿਸ ਕਰਮੀਆਂ ਨੂੰ ਹਫ਼ਤਾਵਾਰੀ ਛੁੱਟੀ/ਆਰਾਮ ਦੇਣ ਲਈ ਰੋਟੇਸ਼ਨਲ ਪ੍ਰਣਾਲੀ ਦਾ ਪਾਲਣ ਕਰਨ, ਤਾਇਨਾਤੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਸਾਰੇ ਕਰਮਚਾਰੀਆਂ ਨੂੰ 10 ਦਿਨਾਂ ਬਾਅਦ ਦੋ ਦਿਨਾਂ ਦਾ ਆਰਾਮ ਦਿੱਤਾ ਜਾ ਸਕੇ।