ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਚੰਡੀਗੜ੍ਹ ਵਿੱਚ ਰੋਜ਼ਾਨਾ 200 ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਆ ਰਹੇ ਹਨ। ਜਿਥੇ ਇੱਕ ਪਾਸੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਅਜੇ ਵੀ ਕਈ ਲੋਕ ਬੇਪਰਵਾਹ ਹੋ ਕੇ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਰਹੇ ਹਨ।
ਸੁਖਨਾ ਲੇਕ 'ਤੇ ਹੋ ਰਹੀ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਲੋਕ ਕਰ ਰਹੇ ਲਾਪਰਵਾਹੀ
ਅਜਿਹਾ ਹੀ ਚੰਡੀਗੜ੍ਹ ਦੇ ਸੁਖਨਾ ਲੇਕ ਵਿਖੇ ਵੇਖਣ ਨੂੰ ਮਿਲਿਆ। ਕੋਰੋਨਾ ਗਾਈਡਲਾਈਨਜ਼ ਦੀ ਪਰਵਾਹ ਕੀਤੇ ਬਗੈਰ ਇਥੇ ਸੈਲਾਨੀ ਬਿਨ੍ਹਾਂ ਮਾਸਕ ਤੋਂ ਘੁੰਮਦੇ ਨਜ਼ਰ ਆਏ। ਇਸ ਤੋਂ ਇਲਾਵਾ ਇਥੇ ਅਜਿਹੇ ਲੋਕ ਵੀ ਨਜ਼ਰ ਆਏ ਜਿਨ੍ਹਾਂ ਨੇ ਮਾਸਕ ਤਾਂ ਪਾਏ ਸਨ, ਪਰ ਉਨ੍ਹਾਂ ਦੇ ਮੂੰਹ ਤੇ ਨੱਕ ਚੰਗੀ ਤਰ੍ਹਾਂ ਢੱਕੇ ਨਹੀਂ ਸਨ।
ਪਲਿਸ ਵਰਤ ਰਹੀ ਢਿੱਲ
ਟੂਰਿਸਟ ਥਾਂਂ ਹੋਣ ਦੇ ਚਲਦੇ ਸ਼ਾਮ ਦੇ ਸਮੇਂ ਸੁਖਨਾ ਲੇਕ ਉੱਤੇ ਕਾਫੀ ਭੀੜ ਹੁੰਦੀ ਹੈ। ਜਿਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤਨ ਦਾ ਦਾਅਵਾ ਕੀਤਾ ਜਾਂਦਾ ਹੈ, ਉਥੇ ਸ਼ਾਮ ਦੇ ਸਮੇਂ ਜਨਤਕ ਥਾਵਾਂ 'ਤੇ ਪੁਲਿਸ ਵੱਲੋਂ ਕੋੋਈ ਵੀ ਕਾਰਵਾਈ ਨਜ਼ਰ ਨਹੀਂ ਆਉਂਦੀ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਮਾਸਕ ਨਾ ਪਾਉਣ ਵਾਲਿਆਂ ਦਾ 2 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ। ਜਿਥੇ ਦਿਨ ਦੇ ਸਮੇਂ ਪੁਲਿਸ ਸੜਕਾਂ ਉੱਤੇ ਨਾਕੇ ਲਾ ਮਾਸਕ ਨਾ ਪਾਉਣ ਵਾਲਿਆਂ ਖਿਲਾਫ਼ ਸਖ਼ਤੀ ਵਰਤਦੀ ਨਜ਼ਰ ਆਉਂਦੀ ਹੈ, ਉਥੇ ਸ਼ਾਮ ਢੱਲਦੇ ਹੀ ਪੁਲਿਸ ਵੱਲੋਂ ਕਿਸੇ ਦਾ ਚਲਾਨ ਆਦਿ ਨਹੀਂ ਕੱਟਿਆ ਜਾਂਦਾ।
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਉੱਤੇ ਰਾਜਪਾਲ ਨੇ ਪ੍ਰਗਟਾਈ ਚਿੰਤਾ
ਸ਼ਹਿਰ ਵਿੱਚ ਲਗਾਤਾਰ ਕੋਰੋਨਾ ਕੇਸ ਵੱਧਣ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜਿਥੇ ਮੋਹਾਲੀ ਵਿੱਚ ਨਾਈਟ ਕਰਫਿਊ ਜਾਰੀ ਹੈ, ਉਥੇ ਹੀ ਚੰਡੀਗੜ੍ਹ ਵਿੱਚ ਅਜੇ ਨਾਈਟ ਕਰਫਿਊ ਸਬੰਧੀ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ।