ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਫਰੀਦਕੋਟ ਦੇ ਬਰਗਾੜੀ ਵਿੱਚ 2015 ਵਿੱਚ ਹੋਏ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਰਾਹਤ ਮਿਲੀ ਹੈ। ਫਰੀਦਕੋਟ ਦੀ ਅਦਾਲਤ ਨੇ 2015 ਕੇਸ ਨਾਲ ਸਬੰਧਿਤ ਵਿਵਾਦਿਤ ਪੋਸਟਰ ਲਗਾਉਣ ਅਤੇ ਪਵਿੱਤਰ ਸਰੂਪਾਂ ਦੀ ਬੇਅਦਬੀ ਨਾਲ ਸਬੰਧਿਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਨਾਲ ਸਬੰਧਤ ਐਫਆਈਆਰ ਨੰਬਰ 63 ਵਿੱਚ ਰਾਮ ਰਹੀਮ ਪਹਿਲਾਂ ਹੀ ਜ਼ਮਾਨਤ ਉੱਤੇ ਰਿਹਾਅ ਹੈ। ਇਸ ਦੇ ਨਾਲ ਹੀ ਰਾਮ ਰਹੀਮ ਨੇ ਬਾਕੀ ਦੋ ਮਾਮਲਿਆਂ 'ਚ ਵੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸਦੇ ਚੱਲਦੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਰਾਮ ਰਹੀਮ ਨੂੰ ਇਹ ਰਾਹਤ ਦਿੱਤੀ ਹੈ।
ਇਹ ਦੋਵੇਂ ਕੇਸ ਬੇਅਦਬੀ ਨਾਲ ਹੀ ਸਬੰਧਿਤ ਹਨ। ਇੰਨ੍ਹਾਂ ਵਿੱਚੋਂ ਇੱਕ ਬੇਅਦਬੀ ਨਾਲ ਸਬੰਧਿਤ ਐਫਆਈਆਰ ਨੰਬਰ 117 ਵਿਵਾਦਤ ਪੋਸਟਰ ਲਗਾਉਣ ਅਤੇ ਦੂਸਰ ਐਫਆਈਆਰ ਨੰਬਰ 128 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਨਾਲ ਸਬੰਧਿਤ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਕਰਨ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਨੂੰ ਇੰਨ੍ਹਾਂ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਹਰਿਆਣਾ ਦੀ ਰੋਹਤਕ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਤੋਂ ਪੰਜਾਬ ਪੁਲਿਸ ਦੀ SIT ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਦੇ ਨਾਲ ਹੀ ਐਸਆਈਟੀ ਵੱਲੋਂ ਡੇਰਾ ਸਿਰਸਾ ਵਿੱਚ ਵੀ ਪਹੁੰਚ ਕੀਤੀ ਗਈ ਸੀ ਅਤੇ ਡੇਰਾ ਪ੍ਰਬੰਧਕਾਂ ਤੋਂ ਬੇਅਦਬੀ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।
ਇਹ ਵੀ ਪੜ੍ਹੋ:ਮੁਹਾਲੀ ਬਲਾਸਟ ਮਾਮਲੇ ’ਚ ਕੁੱਲ 6 ਲੋਕਾਂ ਦੀ ਗ੍ਰਿਫਤਾਰੀ: ਡੀਜੀਪੀ ਭਵਰਾ