ਚੰਡੀਗੜ੍ਹ:ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਸਿੰਘੂ ਕਤਲਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ਵਿੱਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਪੂਰਨ ਨਿਆਂ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰੇਗੀ।
ਨਿਹੰਗ ਆਗੂਆਂ ਵਿੱਚੋਂ ਇੱਕ ਨਿਹੰਗ ਆਗੂ ਦੇ ਭਾਰਤ ਸਰਕਾਰ (Government of India), ਖ਼ਾਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Narinder Singh Tomar) ਨਾਲ ਸਬੰਧ ਹੋਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ, ਉਨ੍ਹਾਂ ਕਿਹਾ ਕਿ ਇਸ ਹੱਤਿਆਕਾਂਡ ਨੇ ਹੁਣ ਬਿਲਕੁਲ ਵੱਖਰਾ ਮੋੜ ਲੈ ਲਿਆ ਹੈ। ਉਹੀ ਨਿਹੰਗ ਆਗੂ ਹੁਣ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਅਤੇ ਬਹੁਤ ਗਰੀਬ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਸਨੂੰ ਸਿੰਘੂ ਸਰਹੱਦ 'ਤੇ ਕੌਣ ਲੈ ਕੇ ਗਿਆ ਸੀ ਅਤੇ ਕਿਸਨੇ ਦਿੱਲੀ ਤੱਕ ਉਸਦੀ ਯਾਤਰਾ ਦਾ ਖ਼ਰਚ ਕੀਤਾ ਸੀ ਕਿਉਂਕਿ ਉਸ ਕੋਲ ਆਪਣੀ ਰੋਟੀ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਉਨ੍ਹਾਂ ਕਾਰਨਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਜਿਨ੍ਹਾਂ ਕਾਰਨਾਂ ਕਰਕੇ ਲਖਵੀਰ ਚੀਮਾ ਕਲਾਂ ਪਿੰਡ ਤੋਂ ਸਿੰਘੂ ਬਾਰਡਰ ਗਿਆ ਸੀ।