ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਪੰਜਾਬ ਕਿਸਾਨਾਂ ਦੀ ਸੁਰੱਖਿਆ ਲਈ ਸੂਬੇ ਦੀ ਪੁਲਿਸ ਫੋਰਸ ਨੂੰ ਤਾਇਨਾਤ ਕਰਨ ਦੀ ਮੰਗ ਨੂੰ ਬੇਤੁਕੀ ਤੇ ਤਰਕਹੀਣ ਕਰਾਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਸਪੱਸ਼ਟ ਤੌਰ ’ਤੇ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਦੇ ਸਾਰੇ ਅਰਥ ਭੁੱਲ ਚੁੱਕੀ ਹੈ। ਇਥੋਂ ਤੱਕ ਕਿ ਆਪ ਸਰਵਉੱਚ ਅਦਾਲਤ ਵੱਲੋਂ ਨਿਰਧਾਰਤ ਕੀਤੇ ਕਾਨੂੰਨਾਂ ਤੋਂ ਪੂਰੀ ਤਰ੍ਹਾਂ ਅਣਜਾਨ ਹੈ। ਜ਼ਿਕਰਯੋਗ ਹੈ ਕਿ 'ਆਪ' ਨੇ ਉਨ੍ਹਾਂ ਦੇ ਦਫ਼ਤਰ ਨੂੰ ਲਿਖੇ ਪੱਤਰ ਵਿੱਚ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਗ ਨਾ ਸਿਰਫ਼ ਪੂਰੀ ਤਰਾਂ ਗ਼ੈਰ-ਕਾਨੂੰਨੀ ਤੇ ਤਰਕਹੀਣ ਹੈ, ਉਨ੍ਹਾਂ ਕਿਹਾ ਕਿ ਕਾਨੂੰਨ ਦੇ ਸਾਰੇ ਸਿਧਾਤਾਂ ਅਤੇ ਨਿਯਮਾਂ ਦੇ ਖਿਲਾਫ਼ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਕਿਸੇ ਵੀ ਦੂਜੇ ਸੂਬੇ ਵਿੱਚ ਕਿਸੇ ਦੀ ਰੱਖਿਆ ਲਈ 72 ਘੰਟੇ ਤੋਂ ਵੱਧ ਨਹੀਂ ਠਹਿਰ ਸਕਦੀ। ਉਨਾਂ ਅੱਗੇ ਕਿਹਾ, ‘‘ਤਾਂ ਇਸ ਦਾ ਅਰਥ ਇਹ ਹੋਵੇਗਾ ਜੇ ਮੈਂ ਅੱਜ ਅਜਿਹੇ ਕਿਸੇ ਵੀ ਹੁਕਮ ਉਤੇ ਦਸਤਖਤ ਕਰ ਵੀ ਦੇਵਾ ਤਾਂ ਇਸ ਅਨੁਸਾਰ ਸਿਰਫ਼ ਕੁਝ ਹੀ, ਜੇਕਰ ਸਾਰੇ ਨਹੀਂ, ਕਿਸਾਨਾਂ ਨੂੰ ਸੁਰੱਖਿਅਕ (ਸੁਰੱਖਿਆ ਦੀ ਲੋੜ ਵਾਲੇ) ਐਲਾਨਿਆ ਜਾ ਸਕੇ। ਇਸ ਦਾ ਅਰਥ ਇਹ ਹੋਵੇਗਾ ਕਿ ਪੰਜਾਬ ਪੁਲਿਸ ਉਥੇ ਉਨ੍ਹਾਂ ਦੇ ਨਾਲ 72 ਘੰਟਿਆਂ ਦੀ ਮਿਆਦ ਤੋਂ ਵੱਧ ਨਹੀਂ ਰੁਕ ਸਕਦੀ ਹੈ।