ਅੰਮ੍ਰਿਤਸਰ: ਆਸਟ੍ਰੇਲੀਆ ਦੇ ਨਿਉ ਸਾਊਥ ਵੇਲਸ ਵਿਖੇ ਉੱਥੋਂ ਦੇ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਉੱਤੇ ਰੋਕ ਲਗਾ ਦਿੱਤੀ ਹੈ। ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਉੱਤੇ ਰੋਕ ਲਗਾਉਣ ਨੂੰ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਦਭਾਗਾ ਦੱਸਿਆ ਤੇ ਧਾਰਮਿਕ ਆਜਾਦੀ ਦੇ ਖ਼ਿਲਾਫ ਕਰਾਰ ਦਿੱਤਾ।
ਬੀਬੀ ਜਗੀਰ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਨਿਊ ਸਾਉਥ ਵੇਲਸ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨ ਪਾਉਣ ਉੱਤੇ 19 ਮਈ 2021 ਤੋਂ ਪਾਬੰਦੀ ਲਗਾਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇ ਇਹ ਪਾਬੰਦੀ ਸਿਡਨੀ ਦੇ ਇੱਕ ਸਕੂਲ ਵਿੱਚ ਵਾਪਰੀ ਇੱਕ ਘਟਨਾ ਉਪਰੰਤ ਲਾਗੂ ਕੀਤੀ ਗਈ ਹੈ ਪਰ ਸਿੱਖਾਂ ਦੇ ਜੀਵਨ ਦਾ ਅਹਿਮ ਅੰਗ ਕਿਰਪਾਨ ਉੱਤੇ ਪਾਬੰਦੀ ਲਗਾ ਦੇਣਾ ਮਾਨਤਾਵਾਂ ਦੇ ਬਿਲਕੁੱਲ ਵਿਰੁੱਧ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉੱਥੋਂ ਦੀ ਸਰਕਾਰ ਨੂੰ ਕਿਰਪਾਨ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੀਆਂ ਪ੍ਰਤੀਨਿਧੀ ਸੰਸਥਾਵਾਂ ਤੋਂ ਸਲਾਹ ਲੈਣੀ ਚਾਹੀਦੀ ਸੀ ਕਿਉਂਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ ਅਤੇ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੇ ਸਰੀਰ ਦਾ ਅਹਿਮ ਅੰਗ ਹੈ ਇਹ ਕੰਕਾਰ ਸਿੱਖ ਵੱਲੋਂ 300 ਤੋਂ ਵੱਧ ਸਾਲਾਂ ਤੋਂ ਪਹਿਨਿਆ ਜਾ ਰਿਹਾ ਹੈ।